ਅਮਰਗੜ੍ਹ, 6 ਜਨਵਰੀ (ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਕੌਮ ਧਾਰਮਿਕ ਅਤੇ ਰਾਜਸੀ ਤੌਰ ਤੇ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਲੰਘ ਰਹੀ ਹੈ | ਸਾਡੀਆਂ ਪਰੰਪਰਾਵਾਂ ਅਤੇ ਸੰਸਥਾਵਾਂ ਨੂੰ ਜਿੱਥੇ ਸਰਕਾਰਾਂ ਢਾਹ ਲਾ ਰਹੀਆਂ ਹਨ ਉੱਥੇ ਸਾਡੀ ਧਾਰਮਿਕ ਅਤੇ ਰਾਜਸੀ ਲੀਡਰਸ਼ਿਪ ਸਿੱਖ ਕੌਮ ਵਿਚ ਆਪਣੀ ਭਰੋਸੇਯੋਗਤਾ ਇਸ ਹੱਦ ਤੱਕ ਗੁਆ ਚੁੱਕੀ ਹੈ ਕਿ ਉਨ੍ਹਾਂ ਦੀ ਕਹੀ ਕਿਸੇ ਵੀ ਗੱਲ 'ਤੇ ਸਿੱਖ ਕੌਮ ਭਰੋਸਾ ਕਰਨ ਲਈ ਤਿਆਰ ਨਹੀਂ ਹੈ | ਸ਼੍ਰੋਮਣੀ ਕਮੇਟੀ ਜਿਸ ਦਾ ਬੜਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਵੀ ਆਪਣੇ ਰਾਜਸੀ ਆਗੂਆਂ ਨੂੰ ਖ਼ੁਸ਼ ਕਰਨ ਲਈ ਮਰਿਆਦਾ ਅਤੇ ਪਰੰਪਰਾਵਾਂ ਦਾ ਘਾਣ ਕਰ ਰਹੀ ਹੈ | ਉਨ੍ਹਾਂ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸੰਸਥਾਵਾਂ ਦੀ ਕਿਸੇ ਗੱਲ ਦੀ ਵੀ ਸੰਗਤ ਵਿਚ ਵਿਸ਼ਵਾਸ ਯੋਗਤਾ ਨਹੀਂ ਬਣ ਰਹੀ | ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਵਿਚ ਪਿਛਲੀਆਂ ਤਿੰਨੇ ਸਰਕਾਰਾਂ ਫ਼ੇਲ੍ਹ ਹੋਈਆਂ ਸਿਰਫ਼ ਰਾਜਸੀ ਲਾਹਾ ਦੇਣ ਦੇ ਯਤਨ ਹੋਏ ਹੁਣ ਫੇਰ 328 ਸਰੂਪਾਂ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਕੌਮ ਨੂੰ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਾ ਦੇਣ ਕਾਰਨ ਸਰਕਾਰ 328 ਸਰੂਪਾਂ ਦੇ ਮਾਮਲੇ 'ਤੇ ਰਾਜਸੀ ਦਖ਼ਲ ਦੇ ਕੇ ਰਾਜਨੀਤੀ ਕਰ ਰਹੀ ਹੈ | ਜਥੇਦਾਰ ਝੂੰਦਾਂ ਨੇ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਧਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ 'ਤੇ ਰਾਜਨੀਤੀ ਨਾ ਕਰੇ | ਸਿੱਖ ਕੌਮ ਦੀ ਤਰਾਸਦੀ ਹੈ ਕਿ ਪੰਜਾਬ ਵਿਚ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਤੇ 328 ਸਰੂਪਾਂ ਦੇ ਮਾਮਲੇ ਵਿਚ ਸਿੱਖ ਧਰਮ ਨੂੰ ਹੀ ਮੰਨਣ ਵਾਲੇ ਆਗੂਆਂ ਭਾਵੇਂ ਉਹ ਸਰਕਾਰ ਵਿਚ ਹਨ ਭਾਵੇਂ ਸ਼੍ਰੋਮਣੀ ਕਮੇਟੀ ਵਿਚ, ਦੋਨੋਂ ਧਿਰਾਂ ਗੁਰੂ ਦੇ ਭੈ ਵਿਚ ਕੰਮ ਕਰਨ ਦੀ ਬਜਾਏ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਰਾਜਨੀਤੀ ਕਰ ਰਹੀਆਂ ਹਨ | ਇਨ੍ਹਾਂ ਸਾਰੇ ਮਸਲਿਆਂ ਦਾ ਸਦੀਵੀ ਹੱਲ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਹੀ ਹਨ ਜਿਨ੍ਹਾਂ ਵਿਚ ਸਿੱਖ ਸੰਗਤ ਉੱਚੇ ਸੁੱਚੇ ਕਿਰਦਾਰ ਵਾਲੇ ਪੰਥਕ ਭਾਵਨਾਵਾਂ ਦੀ ਸਹੀ ਮਾਇਨਿਆਂ ਵਿਚ ਤਰਜਮਾਨੀ ਕਰਨ ਵਾਲੇ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਵੇ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀਆਂ ਪਰੰਪਰਾਵਾਂ ਅਤੇ ਸੰਸਥਾਵਾਂ ਨੂੰ ਚੰਗੇ ਪ੍ਰਬੰਧਕੀ ਹੱਥਾਂ ਵਿਚ ਲੈ ਕੇ ਜਾਇਆ ਜਾ ਸਕੇ ਅਤੇ ਕੋਈ ਵੀ ਕੇਂਦਰ ਜਾਂ ਸੂਬਾ ਸਰਕਾਰ ਸਾਡੇ ਧਾਰਮਿਕ ਮਾਮਲਿਆਂ ਵਿਚ ਦਾਖਲ ਦੇਣ ਦੀ ਜੁਰਅਤ ਨਾ ਕਰ ਸਕੇ ਅਸੀਂ ਸਿੱਖ ਕੌਮ ਦੇ ਪ੍ਰਬੰਧਾਂ ਵਿਚ ਸਰਕਾਰੀ ਦਖ਼ਲ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਇਸ ਵਰਤਾਰੇ ਵਿਚ ਨਿਭਾਏ ਰੋਲ ਦੀ ਵੀ ਨਿੰਦਾ ਕਰਦੇ ਹਾਂ ਕਿਉਂਕਿ ਇਨ੍ਹਾਂ ਦੀ ਗ਼ਲਤ ਨੀਤੀਆਂ ਅਤੇ ਮਾੜੇ ਪ੍ਰਬੰਧਾਂ ਕਾਰਨ ਹੀ ਸਰਕਾਰ ਨੇ ਸਿੱਖ ਮਾਮਲਿਆਂ ਵਿਚ ਦਖ਼ਲ ਅੰਦਾਜ਼ੀ ਕਰਕੇ ਮਾੜੀਆਂ ਪਿਰਤਾਂ ਪਾਈਆਂ ਹਨ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹਨ |