ਧਰਮਗੜ੍ਹ, 23 ਜਨਵਰੀ (ਗੁਰਜੀਤ ਸਿੰਘ ਚਹਿਲ) - ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ (ਆਈ.ਪੀ.ਐਸ) ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਸਫਲ ਬਣਾਉਣ ਦੀ ਤਹਿਤ ਪੁਲਿਸ ਕਪਤਾਨ ਸੰਗਰੂਰ ਰਾਜੇਸ਼ ਛਿੱਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਪੰਚਾਇਤ ਹਰਿਆਉ ਵਲੋ ਮਤਾ ਨੰਬਰ 1 ਰਾਹੀਂ ਖ਼ਸਰੇ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਕੀਤੀ ਗਈ ਅਤੇ ਉਕਤ ਖ਼ਸਰਾ ਨੰਬਰ ਪਰ ਸ਼ਿੰਦਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਹਰਿਆਉ ਅਤੇ ਗੁਰਪਾਲ ਸਿੰਘ ਉਰਫ਼ ਗੋਰਾ ਪੁੱਤਰ ਦੱਲ ਸਿੰਘ ਵਾਸੀ ਹਰਿਆਉ ਦਾ ਨਾਜਾਇਜ਼ ਕਬਜ਼ਾ ਪਾਇਆ ਗਿਆ | ਨਾਜਾਇਜ਼ ਕਬਜ਼ਾ ਛੁਡਾਉਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਲਹਿਰਾ ਵਲੋਂ ਪੁਲਿਸ ਸਹਿਯੋਗ ਦੀ ਮੰਗ ਕੀਤੀ ਗਈ | ਪੁਲਿਸ ਕਪਤਾਨ ਰਾਜੇਸ਼ ਛਿੱਬਰ ਦੀ ਅਗਵਾਈ 'ਚ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਲਹਿਰਾ ਰਣਬੀਰ ਸਿੰਘ ਅਤੇ ਇੰਸ: ਮਨਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਲਹਿਰਾ ਸਮੇਤ ਪੁਲਿਸ ਫੋਰਸ ਦੀ ਮਦਦ ਨਾਲ ਸ਼ਿੰਦਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਹਰਿਆਉ ਜਿਸ ਖ਼ਿਲਾਫ਼ 12 ਮੁਕੱਦਮੇ ਅਤੇ ਗੁਰਪਾਲ ਸਿੰਘ ਉਰਫ਼ ਗੋਰਾ ਪੁੱਤਰ ਦੱਲੂ ਸਿੰਘ ਵਾਸੀ ਹਰਿਆਉ ਜਿਸ ਦੇ ਖ਼ਿਲਾਫ਼ 3 ਅਪਰਾਧਿਕ ਮੁਕੱਦਮੇ ਦਰਜ ਰਜਿਸਟਰ ਹਨ, ਵਲੋਂ ਨਾਜਾਇਜ਼ ਕਬਜ਼ਾ ਕਰਕੇ ਉਸਾਰੀ ਕੀਤੇ ਗਏ ਮਕਾਨਾਂ ਨੂੰ ਢਾਹ ਕੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਵਾਇਆ ਗਿਆ | ਜ਼ਿਕਰਯੋਗ ਹੈ ਕਿ ਉਕਤ ਵਿਅਕਤੀਆਂ ਪਰ ਐਨ.ਡੀ.ਪੀ.ਐਸ ਐਕਟ ਅਤੇ ਆਬਕਾਰੀ ਐਕਟ ਦੇ ਕਈ ਮੁਕੱਦਮੇ ਦਰਜ ਰਜਿਸਟਰ ਹੋਣੇ ਪਾਏ ਗਏ | ਪੁਲਿਸ ਕਪਤਾਨ ਸੰਗਰੂਰ ਰਾਜੇਸ਼ ਛਿੱਬਰ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ 'ਚ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਖ਼ਸ਼ਿਆ ਨਹੀ ਜਾਵੇਗਾ |