ਸੁਨਾਮ ਊਧਮ ਸਿੰਘ ਵਾਲਾ, 25 ਜਨਵਰੀ (ਧਾਲੀਵਾਲ, ਭੁੱਲਰ) - ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਲਕਾ ਸੁਨਾਮ, ਦਿੜ੍ਹਬਾ ਅਤੇ ਲਹਿਰਾ ਦੇ ਨਿਵਾਸੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਵਿਕਾਸ ਦੀ ਇੱਕ ਵੱਡੀ ਸੌਗਾਤ ਦਿੱਤੀ ਗਈ ਹੈ |ਜਿਸ ਤਹਿਤ 24.50 ਕਰੋੜ ਰੁਪਏ ਦੀ ਲਾਗਤ ਨਾਲ ਸੁਨਾਮ-ਛਾਜਲੀ-ਲਹਿਰਾ-ਜਾਖ਼ਲ ਸੜਕ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐਨ.ਐੱਚ.ਏ.ਆਈ) ਵਲੋਂ ਜਲਦ ਤਿਆਰ ਕੀਤਾ ਜਾ ਰਿਹਾ ਹੈ |ਉਨ੍ਹਾਂ ਕਿਹਾ ਕਿ ਇਹ ਸੜਕ ਪ੍ਰੋਜੈਕਟ ਇਲਾਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ | ਸੜਕ ਦੀ ਮਾੜੀ ਹਾਲਤ ਕਾਰਨ ਆਮ ਲੋਕਾਂ, ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ ਅਤੇ ਮਰੀਜ਼ਾਂ ਨੂੰ ਨਿੱਤ ਮਾਰਾ ਦੇ ਜੀਵਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ | ਦਾਮਨ ਬਾਜਵਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਦੀ ਪੂਰੀ ਲਾਗਤ ਕੇਂਦਰ ਸਰਕਾਰ ਵਲੋਂ ਐਨ.ਐੱਚ.ਏ.ਆਈ. ਜ਼ਰੀਏ ਚੁੱਕੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਸੁਨਾਮ-ਜਾਖ਼ਲ ਸੜਕ ਦੇ ਬਣਨ ਨਾਲ ਇਲਾਕੇ ਦੀ ਕਨੈਕਟੀਵਿਟੀ ਮਜ਼ਬੂਤ ਹੋਵੇਗੀ, ਕਿਸਾਨਾਂ ਅਤੇ ਵਪਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਆਮ ਲੋਕਾਂ ਲਈ ਯਾਤਰਾ ਹੋਰ ਸੁਰੱਖਿਅਤ ਤੇ ਸੁਗਮ ਬਣੇਗੀ | ਇਸ ਮਹੱਤਵਪੂਰਨ ਵਿਕਾਸ ਕਦਮ ਲਈ ਦਾਮਨ ਬਾਜਵਾ ਵਲੋਂ ਕੇਂਦਰ ਸਰਕਾਰ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਗਿਆ |