ਮਲੇਰਕੋਟਲਾ, 25 ਜਨਵਰੀ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦਾ ਉਭਾਰ, ਪੰਥਕ ਹਿਤਾਂ ਲਈ ਇੱਕ ਸ਼ੁੱਭ ਸੰਕੇਤ ਮੰਨਿਆਂ ਜਾ ਰਿਹਾ ਹੈ | ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਉੱਚ ਅਹੁਦਿਆਂ 'ਤੇ ਕੰਮ ਕਰ ਚੁੱਕੇ ਉੱਘੇ ਸਿੱਖ ਬੁੱਧੀਜੀਵੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਸੇਹਕੇ ਦਾ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਾਥੀ ਰਹੇ ਜਥੇਦਾਰ ਸੇਹਕੇ ਨੇ ਆਖਿਆ ਕਿ ਬੀਤੇ ਸਮੇਂ ਸੰਪੰਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਜ਼ਿਲ੍ਹੇ ਅੰਦਰ 7 ਜ਼ੋਨਾਂ 'ਤੇ ਕਬਜ਼ਾ ਕੀਤਾ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿਚ ਵੀ ਪਾਰਟੀ ਵਲੋਂ ਸਨਮਾਨਯੋਗ ਵੋਟਾਂ ਹਾਸਲ ਕੀਤੀਆਂ | ਹਲਕਾ ਅਮਰਗੜ੍ਹ ਦਾ ਇੰਚਾਰਜ ਲਗਾਉਣ ਸਬੰਧੀ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕਈ ਵਾਰ ਮੁਲਾਕਾਤ ਦੌਰਾਨ ਉਨ੍ਹਾਂ ਆਪਣੀ ਰਾਏ ਰੱਖੀ ਹੈ ਕਿ ਇੱਥੋਂ ਕਿਸੇ ਯੋਗ ਤੇ ਟਕਸਾਲੀ ਅਕਾਲੀ ਸੋਚ ਨੂੰ ਪ੍ਰਣਾਏ ਹੋਏ ਆਗੂ ਨੂੰ ਹਲਕਾ ਇੰਚਾਰਜ ਲਗਾਇਆ ਜਾਵੇ | ਉਨ੍ਹਾਂ ਆਖਿਆ ਕਿ ਪੰਥਕ ਹਿਤਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਤਾਕਤਵਰ ਹੋਣਾ ਬੇਹੱਦ ਜ਼ਰੂਰੀ ਹੈ ਤੇ ਮਲੇਰਕੋਟਲਾ ਦੇ ਅੰਦਰ ਬੀਬਾ ਜ਼ਾਹਿਦਾ ਸੁਲੇਮਾਨ ਵਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦੇ ਸਦਕਾ ਅਕਾਲੀ ਦਲ ਦਾ ਤਕੜਾ ਉਭਾਰ ਹੋਇਆ ਹੈ | ਆਮ ਲੋਕ ਇਹ ਮਹਿਸੂਸ ਕਰਨ ਲੱਗੇ ਹਨ ਕਿ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ | ਜਥੇਦਾਰ ਸੇਹਕੇ ਨੇ ਆਖਿਆ ਕਿ ਸਮੂਹ ਪੰਥਕ ਧਿਰਾਂ ਨੂੰ ਪੰਜਾਬ ਤੇ ਪੰਥ ਦੀ ਬਿਹਤਰੀ ਲਈ ਇੱਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਪੰਥਕ ਏਕਤਾ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਪੂਰੇ ਦੇਸ਼ ਅੰਦਰ ਕੌਮੀ ਫ਼ਲਸਫ਼ੇ ਦੀ ਗੱਲ ਤੁਰ ਸਕੇ |