ਲੌਂਗੋਵਾਲ, 25 ਜਨਵਰੀ (ਵਿਨੋਦ, ਸ. ਖੰਨਾ) - ਪਿੰਡ ਸ਼ੇਰੋਂ ਵਿਖੇ ਇੱਕ ਗਰੀਬ ਪਰਿਵਾਰ ਵਲੋਂ ਤੀਲਾ-ਤੀਲਾ ਕਰ ਕੇ ਬਣਾਇਆ ਆਸ਼ਿਆਨਾ ਅਚਾਨਕ ਲੱਗੀ ਅੱਗ ਕਾਰਨ ਬੇਹੱਦ ਨੁਕਸਾਨਿਆਂ ਗਿਆ ਹੈ | ਘਰ ਨੂੰ ਅਚਾਨਕ ਲੱਗੀ ਅੱਗ ਕਾਰਨ ਇਸ ਪਰਿਵਾਰ ਦਾ ਫਰਿੱਜ, ਟੈਲੀਵਿਜ਼ਨ ਸਮੇਤ ਹੋਰ ਕਾਫੀ ਸਾਰਾ ਘਰੇਲੂ ਸਮਾਨ ਅੱਗ ਨਾਲ ਸੜ ਕੇ ਸਵਾਹ ਹੋ ਗਿਆ ਹੈ | ਪੀੜਤ ਪਰਿਵਾਰ ਦੇ ਗੁਰਜੰਟ ਸਿੰਘ ਜੰਟਾ ਪੁੱਤਰ ਸਰਬਣ ਸਿੰਘ ਵਾਸੀ ਢਿੱਲੋਂ ਪੱਤੀ ਸ਼ੇਰੋਂ ਨੇ ਦੱਸਿਆ ਕਿ ਉਹ ਆਪਣੀ ਮਾਤਾ ਗੁਰਦੇਵ ਕੌਰ ਨਾਲ ਇਸ ਘਰ ਵਿਚ ਰਹਿੰਦਾ ਹੈ | ਲੰਘੀ ਸ਼ਾਮ ਉਸ ਦੀ ਮਾਤਾ ਸ਼ਾਮ ਦੀ ਰੋਟੀ ਦਾ ਓਹੜ ਪੋਹੜ ਕਰ ਰਹੀ ਸੀ ਕਿ ਅਚਾਨਕ ਅੰਦਰੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ | ਇਸ ਅੱਗ ਨਾਲ ਉਨ੍ਹਾਂ ਦਾ ਫਰਿੱਜ, ਟੈਲੀਵਿਜ਼ਨ, ਕੱਪੜੇ, ਭਾਂਡੇ, ਛੱਤ ਅਤੇ ਹੋਰ ਨਿੱਕ ਸੁੱਕ ਨੁਕਸਾਨਿਆਂ ਗਿਆ ਹੈ | ਇਸ ਘਰ ਵਿਚ ਰਹਿੰਦੇ ਦੋਵੇਂ ਮਾਂ ਪੁੱਤ ਦਰਵੇਸ਼ ਪ੍ਰਵਿਰਤੀ ਦੇ ਹਨ ਅਤੇ ਗਰੀਬੀ ਕਾਰਨ ਇਹਨਾਂ ਦਾ ਮਕਾਨ ਵੀ ਰਸਤੇ ਤੋਂ ਦੋ ਫੁੱਟ ਨੀਵਾਂ ਹੈ | ਘਰ ਵਿਚ ਬਿਜਲੀ, ਪਾਣੀ ਅਤੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ | ਪਿੰਡ ਸ਼ੇਰੋਂ ਦੇ ਪਤਵੰਤਿਆਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਸ ਪਰਿਵਾਰ ਦੀ ਮਾਲੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ |