ਸੰਗਰੂਰ, 25 ਜਨਵਰੀ (ਸੁਖਵਿੰਦਰ ਸਿੰਘ ਫੁੱਲ)-ਪੰਜਾਬੀ ਦੇ ਨਾਮਵਰ ਸਾਹਿਤਕਾਰ ਮੋਹਨ ਸ਼ਰਮਾ ਨੇ ਅੱਜ ਸਾਹਿਤ ਸਦਨ ਸੰਗਰੂਰ ਵਲੋਂ ਕਰਵਾਏ ਸਾਹਿਤਕ ਸਮਾਗਮ ਦੌਰਾਨ ਸਰੋਤਿਆਂ ਦੇ ਰੂ-ਬਰੂ ਹੁੰਦਿਆਂ ਆਪਣੀ ਨਿੱਜੀ, ਸਮਾਜਿਕ ਅਤੇ ਸਾਹਿਤਕ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬਚਪਨ ਗ਼ੁਰਬਤ ਭਰਿਆ ਸੀ ਪਰ ਜਦ ਅੱਠਵੀਂ ਜਮਾਤ ਵਿਚੋਂ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਤਾਂ ਉਨ੍ਹਾਂ ਨੂੰ ਕੁਝ ਕਰਨ ਦੀ, ਅੱਗੇ ਵਧਣ ਦੀ ਚਿਣਗ ਲੱਗ ਗਈ | ਸਕੂਲ ਸਮੇਂ ਦੌਰਾਨ ਹੀ ਉਨ੍ਹਾਂ ਨੂੰ ਸਾਹਿਤ ਦੀ ਲਗਨ ਲੱਗ ਗਈ ਜੋ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈ | ਜਿੱਥੇ ਅਧਿਆਪਕ ਵਜੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਰਾਜ ਪੁਰਸਕਾਰ ਨਾਲ ਨਿਵਾਜਿਆ ਉੱਥੇ ਹਜ਼ਾਰਾਂ ਨਸ਼ੇੜੀਆਂ ਨੂੰ ਜ਼ਿੰਦਗੀ ਦੀ ਮੁੱਖਧਾਰਾ ਵਿਚ ਲਿਆਉਣ ਬਦਲੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦੂਸਰੀ ਵਾਰ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ | ਅਧਿਆਪਕ ਵਜੋਂ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਜ਼ਿਲ੍ਹਾ ਬਚਤ ਅਫ਼ਸਰ ਲਗਾਇਆ ਗਿਆ | ਸੇਵਾ ਮੁਕਤੀ ਪਿੱਛੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜ਼ਿਲ੍ਹਾ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦਾ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਕੀਤਾ ਜਿੱਥੋਂ ਹਜ਼ਾਰਾਂ ਨਸ਼ੇੜੀ ਨਸ਼ਾ ਮੁਕਤ ਹੋਏ | ਚਾਰ ਦਰਜਨ ਤੋਂ ਵੱਧ ਪੁਸਤਕਾਂ ਦੇ ਲੇਖਕ ਮੋਹਨ ਸ਼ਰਮਾ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ | ਮੁੱਖ ਮਹਿਮਾਨ ਵਜੋਂ ਪਹੁੰਚੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਨੇ ਲੇਖਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਨਾਮਵਰ ਲੇਖਕ ਲਖਵਿੰਦਰ ਸਿੰਘ ਜੌਹਲ ਨੇ ਆਪਣੀਆਂ ਸਾਹਿਤਕ ਯਾਦਾਂ ਬਿਆਨ ਕਰਦਿਆਂ ਸਾਹਿਤ ਸਦਨ ਸੰਗਰੂਰ ਦੇ ਯਤਨਾਂ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਪੁਲਿਸ ਇੰਸਪੈਕਟਰ ਹਰਸ਼ਜੋਤ ਕੌਰ ਜੋ ਕਲਾਕਾਰ ਅਤੇ ਲੇਖਕ ਵੀ ਹਨ, ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਸਦਨ ਦੇ ਜਨਰਲ ਸਕੱਤਰ ਜੀਤ ਹਰਜੀਤ ਵਲੋਂ ਕਲਾਤਿਮਕ ਢੰਗ ਨਾਲ ਕੀਤੇ ਮੰਚ ਸੰਚਾਲਨ ਦੌਰਾਨ ਸਦਨ ਦੇ ਪ੍ਰਧਾਨ ਡਾ. ਇਕਬਾਲ ਸਿੰਘ ਸਕਰੌਦੀ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ਧੰਨਵਾਦ ਕੀਤਾ | ਸਮਾਗਮ ਨੂੰ ਸੂਬਾਈ ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ, ਅਨੋਖ ਸਿੰਘ ਵਿਰਕ ਅਤੇ ਹੋਰਨਾ ਨੇ ਵੀ ਸੰਬੋਧਨ ਕੀਤਾ | ਕਵੀ ਦਰਬਾਰ ਦੌਰਾਨ ਨੂਰਦੀਪ ਕੋਮਲ,ਗੁਰੀ ਚੰਦੜ, ਬਲਜੀਤ ਸ਼ਰਮਾ, ਪਿੰਕੀ, ਖੁਸਪ੍ਰੀਤ ਕੌਰ, ਚਰਨਦੀਪ ਸਿੰਘ ਮੀਮਸਾ, ਹਰਸ਼ਜੋਤ ਕੌਰ, ਮੂਲਚੰਦ ਸ਼ਰਮਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਧੂਰੀ, ਮਨਜੀਤ ਕੌਰ ਸੰਧੂ, ਰਵੈਦਾ ਖਾਨ, ਸ਼ਸੀ ਬਾਲਾ, ਗੁਰਵੀਰ ਅਤਫ, ਲਵਪ੍ਰੀਤ ਸਿੰਘ ਅਤੇ ਹੋਰਨਾ ਨੇ ਵੀ ਨਜ਼ਮਾਂ ਨਾਲ ਚੰਗਾ ਰੰਗ ਬੰਨਿ੍ਹਆਂ | ਓ.ਪੀ ਅਰੋੜਾ ਜਨਰਲ ਸਕੱਤਰ ਜ਼ਿਲ੍ਹਾ ਸਕੇਟਿੰਗ ਐਸੋਸੀਏਸ਼ਨ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਰਿੰਦਰਪਾਲ ਸਿੰਘ ਸਿਦਕੀ, ਦਲਬਾਰ ਸਿੰਘ ਚੱਠੇ ਸੇਖਵਾਂ, ਕੁਲਵੰਤ ਕਸ਼ਕ, ਜਗਦੇਵ ਸ਼ਰਮਾ, ਸੁਖਦੇਵ ਰਾਮ, ਮੇਜਰ ਸਿੰਘ ਧੂਰੀ, ਬ੍ਰਹਜੀਤ ਸਿੰਘ, ਜਸਵੀਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |