ਸੰਗਰੂਰ, 25 ਜਨਵਰੀ (ਚੌਧਰੀ ਨੰਦ ਲਾਲ ਗਾਂਧੀ) - ਰਾਜ ਪੁਰਸਕਾਰ ਨਾਲ ਸਨਮਾਨਿਤ ਅਤੇ ਸ਼੍ਰੀ ਧਨਵੰਤਰੀ ਐਵਾਰਡ ਵਿਜੇਤਾ ਡਾ. ਹਰਪ੍ਰੀਤ ਸਿੰਘ ਭੰਡਾਰੀ ਨੇ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਪੈਨਸ਼ਨਰ ਭਵਨ ਵਿਖੇ ਕਰਵਾਏ ਸਿਹਤ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਨੀਂਦ ਪੂਰੀ ਨਾ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ, ਜੇਕਰ ਤੁਹਾਡੀ ਨੀਂਦ ਰਾਤ ਨੂੰ ਵਾਰ-ਵਾਰ ਟੁੱਟਦੀ ਹੈ ਤਾਂ ਇਸ ਨੂੰ ਹਲਕੇ ਵਿਚ ਲੈਣਾ ਭਾਰੀ ਪੈ ਸਕਦਾ ਹੈ | ਰਾਤ ਨੂੰ ਵਾਰ-ਵਾਰ ਨੀਂਦ ਖੁੱਲ੍ਹਣ ਨਾਲ ਦਿਲ ਦੀ ਸਿਹਤ 'ਤੇ ਗੰਭੀਰ ਅਸਰ ਪੈ ਸਕਦਾ ਹੈ ਅਤੇ ਕਈ ਖ਼ਤਰਨਾਕ ਬਿਮਾਰੀਆਂ ਦਾ ਜੋਖ਼ਮ ਵਧ ਜਾਂਦਾ ਹੈ | ਪ੍ਰਸਿੱਧ ਸਮਾਜ ਸੇਵੀ ਅਤੇ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਦੀ ਪ੍ਰਧਾਨਗੀ ਹੇਠ ਹੋਏ ਸਿਹਤ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਹਤਮੰਦ ਸਰੀਰ ਲਈ ਰਾਤ ਨੂੰ 7 ਤੋਂ 8 ਘੰਟੇ ਦੀ ਲਗਾਤਾਰ ਨੀਂਦ ਲੈਣੀ ਬਹੁਤ ਜ਼ਰੂਰੀ ਹੈ | ਡਾ ਭੰਡਾਰੀ ਨੇ ਕਿਹਾ ਕਿ ਵਧੀਆ ਨੀਂਦ ਲਈ ਕੁਦਰਤੀ ਅਤੇ ਆਯੁਰਵੈਦਿਕ ਢੰਗ ਅਪਣਾਉਣਾ ਬਹੁਤ ਜ਼ਰੂਰੀ ਹੈ | ਸੌਣ ਤੋਂ ਪਹਿਲਾਂ ਤਣਾਅ ਘਟਾਉਣ ਲਈ ਮੈਡੀਟੇਸ਼ਨ ਕਰੋ | ਉਨ੍ਹਾਂ ਕਿਹਾ ਕਿ ਸਲੀਪ ਐਪਨੀਆ ਤੋਂ ਪੀੜਤ ਮਰੀਜ਼, ਮਾਨਸਿਕ ਤਣਾਅ ਵਿਚ ਰਹਿਣ ਵਾਲੇ ਲੋਕ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਜ਼ਿਆਦਾ ਮੋਬਾਈਲ ਜਾਂ ਟੀਵੀ ਦੇਖਣ ਦੀ ਆਦਤ ਵਾਲੇ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣਾ , ਸਵੇਰੇ ਜਲਦੀ ਜਾਗਣਾ ਅਤੇ ਸਵੇਰ ਦੀ ਸੈਰ ਕਰਨਾ ਵੀ ਨੀਂਦ ਲਈ ਫ਼ਾਇਦੇਮੰਦ ਹੈ | ਉਨ੍ਹਾਂ ਸੌਣ ਤੋਂ ਪਹਿਲਾਂ ਸਕ੍ਰੀਨ (ਮੋਬਾਈਲ/ਟੀਵੀ) ਤੋਂ ਦੂਰੀ ਬਣਾਉਣ ਸਬੰਧੀ ਅਤੇ ਸੌਣ ਅਤੇ ਜਾਗਣ ਦਾ ਇੱਕੋ ਸਮਾਂ ਨਿਰਧਾਰਿਤ ਕਰਨ ਬਾਰੇ ਸਲਾਹ ਦਿੱਤੀ | ਸੈਮੀਨਾਰ ਤੋਂ ਪਹਿਲਾਂ ਸ੍ਰੀ ਰਾਜ ਕੁਮਾਰ ਅਰੋੜਾ ਜੋ ਕਿ ਵੱਖ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ ਬਜ਼ੁਰਗਾਂ ਦੀ ਭਲਾ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਵੀ ਮੀਤ ਪ੍ਰਧਾਨ ਹਨ, ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਸਮੇਂ-ਸਮੇਂ ਤੇ ਬਜ਼ੁਰਗਾਂ ਦੀ ਨਰੋਈ ਸਿਹਤ ਅਤੇ ਭਲਾਈ ਲਈ ਸਿਹਤ ਸੈਮੀਨਾਰ, ਮੈਡੀਕਲ ਚੈੱਕਅਪ ਕੈਪ ਲਗਵਾਏ ਜਾਂਦੇ ਹਨ | ਐਸੋਸੀਏਸ਼ਨ ਵਲੋਂ ਡਾ ਭੰਡਾਰੀ ਦਾ ਉਨ੍ਹਾਂ ਵਲੋ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਅਤੇ ਬਜ਼ੁਰਗਾਂ ਦੀ ਭਲਾਈ ਲਈ ਦਿੱਤੇ ਜਾ ਰਹੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸਰਪ੍ਰਸਤ ਪ੍ਰੋ. ਸੁਰੇਸ਼ ਗੁਪਤਾ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਓਪੀ ਖਿੱਪਲ, ਪਿਸ਼ੋਰੀ ਲਾਲ, ਮੰਗਤ ਰਾਜ ਸਖੀਜਾ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਮੀਤ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਸਮਾਜ ਸੇਵੀ ਵਿਜੈ ਸਿੰਗਲਾ, ਜਨਕ ਰਾਜ ਜੋਸ਼ੀ, ਰਜਿੰਦਰ ਗੋਇਲ, ਅਸ਼ੋਕ ਡੱਲਾ, ਜਤਿੰਦਰ ਗੁਪਤਾ, ਵਿਪਨ ਮਲਿਕ, ਆਰਗੇਨਾਈਜਰ ਰਾਜ ਕੁਮਾਰ ਬਾਂਸਲ, ਹਰੀਸ਼ ਅਰੋੜਾ, ਬਲਦੇਵ ਸਿੰਘ ਰਤਨ, ਵਾਸਦੇਵ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿੱਦਕੀ, ਗੋਬਿੰਦਰ ਸ਼ਰਮਾ ਤੋ ਇਲਾਵਾ ਵੱਡੀ ਗਿਣਤੀ ਹਾਜ਼ਰ ਸਨ |