ਲਹਿਰਾਗਾਗਾ, 4 ਫਰਵਰੀ (ਅਸ਼ੋਕ ਗਰਗ) - ਨੈਸ਼ਨਲ ਯੂਥ ਪ੍ਰੋਜੈਕਟ, ਨਵੀਂ ਦਿੱਲੀ ਵਲੋਂ ਸੀਬਾ ਕੈਂਪਸ, ਲਹਿਰਾਗਾਗਾ ਵਿਚ ਚੱਲ ਰਹੇ ਯੂਥ ਕੈਂਪ ਵਿਚ ਦੇਸ਼ ਭਰ ਤੋਂ ਆਏ 366 ਨੌਜਵਾਨਾਂ ਨੇ ਸ਼ਹਿਰ ਵਿਚ ਸਦਭਾਵਨਾ ਰੈਲੀ ਕੱਢੀ | ਰੈਲੀ ਦੌਰਾਨ ਨੌਜਵਾਨਾਂ ਨੇ 'ਭਾਰਤ ਜੋੜੋ', 'ਹਮ ਸਭ ਕੀ ਕਾਮਨਾ-ਸਦਭਾਵਨਾ ਸਦਭਾਵਨਾ', 'ਲਹਿਰਾ ਹੋ ਜਾਂ ਗੋਹਾਟੀ-ਅਪਣਾ ਦੇਸ਼ ਆਪਣੀ ਮਾਟੀ' ਅਤੇ 'ਕਸ਼ਮੀਰ ਹੋ ਜਾਂ ਕੰਨਿਆ ਕੁਮਾਰੀ, ਭਾਰਤ ਮਾਤਾ-ਏਕ ਹਮਾਰੀ' ਜਿਹੇ ਨਾਅਰੇ ਲਗਾਉਂਦਿਆਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ | ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਧਰਮ-ਪਤਨੀ ਸ੍ਰੀਮਤੀ ਸੀਮਾ ਗੋਇਲ, ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਮੈਡਮ ਕਾਂਤਾ ਗੋਇਲ, ਐਸ.ਡੀ.ਐਮ ਰਾਕੇਸ਼ ਪ੍ਰਕਾਸ਼ ਗਰਗ ਨੇ ਨੌਜਵਾਨਾਂ ਦਾ ਸ਼ਹਿਰ 'ਚ ਪਹੁੰਚਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਇਹ ਯੁਵਾ ਕੈਂਪ ਇਲਾਕਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਦੇਸ਼ ਭਰ ਦੇ 26 ਸੂਬਿਆਂ ਦੇ ਨੌਜਵਾਨ ਲੜਕੇ-ਲੜਕੀਆਂ ਪੰਜਾਬ ਦੇ ਸੱਭਿਆਚਾਰ ਅਤੇ ਭਾਸ਼ਾ ਨੂੰ ਵੀ ਸਮਝ ਰਹੇ ਹਨ | ਤੀਜੇ ਦਿਨ ਦੀ ਸਵੇਰ ਦੀ ਸਭਾ ਦੌਰਾਨ ਮੁੱਖ ਮਹਿਮਾਨ ਵਜੋਂ ਟਰੇਡ ਕਮਿਸ਼ਨ ਦੇ ਚੇਅਰਮੈਨ ਪਿ੍ੰਸ ਗਰਗ ਨੇ ਝੰਡੇ ਦੀ ਰਸਮ ਅਦਾ ਕੀਤੀ | ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਦੇ ਵੱਖ-ਵੱਖ ਸਭਿਆਚਾਰ ਅਤੇ ਭਾਸ਼ਾਵਾਂ ਸਿੱਖਣ ਦੇ ਮੌਕੇ ਨੂੰ ਇਤਿਹਾਸਕ ਦੱਸਦਿਆਂ ਕਿਹਾ ਕਿ ਇਸ ਕੈਂਪ ਦਾ ਉਪਰਾਲਾ ਨੌਜਵਾਨਾਂ ਨੂੰ ਦੇਸ਼ ਦੀ ਏਕਤਾ, ਅਖੰਡਤਾ, ਸ਼ਾਂਤੀ ਅਤੇ ਭਾਈਚਾਰੇ ਦੀ ਭਾਵਨਾ ਸਿਖਾਉਣ ਲਈ ਸਹਾਈ ਸਿੱਧ ਹੋਵੇਗਾ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਰਾਕੇਸ਼ ਕੁਮਾਰ, ਟਰੇਡ ਕਮਿਸ਼ਨ ਦੇ ਮੈਂਬਰ ਗੌਰਵ ਗਰਗ ਅਤੇ ਮੋਹਿਤ ਸਿੰਗਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕੈਂਪ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ 5 ਫਰਵਰੀ ਨੂੰ ਇਨ੍ਹਾਂ ਨੌਜਵਾਨਾਂ ਦਾ ਕਾਫ਼ਲਾ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸਮਾਰਕ 'ਤੇ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਨਾਨਕੀਆਣਾ ਸਾਹਿਬ, ਸੰਗਰੂਰ ਵਿਖੇ ਪਹੁੰਚੇਗਾ | ਜਿੱਥੇ ਬੀ.ਐਸ.ਐਨ.ਐਲ ਪਾਰਕ ਤੋਂ ਬੱਘੀਖਾਨਾ ਤੱਕ ਸਦਭਾਵਨਾ ਕਾਫ਼ਲਾ ਕੱਢਿਆ ਜਾਵੇਗਾ | ਸ਼ਾਮ 5 ਵਜੇ ਸਰਵ-ਧਰਮ ਪ੍ਰਾਰਥਨਾ ਉਪਰੰਤ ਵੱਖ-ਵੱਖ ਰਾਜਾਂ ਦੇ ਸਭਿਆਚਾਰ ਪ੍ਰੋਗਰਾਮ ਪੇਸ਼ ਹੋਣਗੇ |