ਧੂਰੀ, 4 ਫ਼ਰਵਰੀ (ਸੁਖਵੰਤ ਸਿੰਘ ਭੁੱਲਰ, ਲਖਵੀਰ ਸਿੰਘ ਧਾਂਦਰਾ) - ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਕਾਲਜ ਪਿ੍ੰਸੀਪਲ ਡਾ. ਹਰਵਿੰਦਰ ਸਿੰਘ ਮੰਡ ਦੀ ਅਗਵਾਈ ਵਿਚ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਸ਼ੁਰੂ ਕੀਤਾ ਗਿਆ | ਕੈਂਪ ਦੇ ਉਦਘਾਟਨੀ ਸਮਾਰੋਹ ਵਿਚ ਤਹਿਸੀਲ ਧੂਰੀ ਦੇ ਉਪ ਮੰਡਲ ਮੈਜਿਸਟਰੇਟ ਸ੍ਰੀ ਰਿਸ਼ਭ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਅਤੇ ਗ੍ਰਾਮ ਪੰਚਾਇਤ ਬੇਨੜਾ ਦੇ ਸਰਪੰਚ ਗੋਪਾਲ ਕਿ੍ਸ਼ਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੁੱਖ ਮਹਿਮਾਨ ਨੇ ਕੌਮੀ ਸੇਵਾ ਯੋਜਨਾ ਦੇ ਸ਼ੁਰੂ ਹੋਣ ਵਾਲੇ ਸਾਲ ਤੋਂ ਗੱਲ ਕਰਦੇ ਹੋਏ ਐੱਨ.ਐੱਸ.ਐੱਸ. ਵਲੰਟੀਅਰਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ | ਉਨ੍ਹਾਂ ਨੇ ਕਿਹਾ ਇਸ ਵਿੱਦਿਆ ਦੇ ਮੰਦਰ ਵਿਚ ਪੜ੍ਹ ਕੇ ਵਿਦਿਆਰਥੀ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣਗੇ | ਜਿਸ ਨਾਲ ਦੇਸ਼ ਅਤੇ ਸਮਾਜ ਨੂੰ ਫਲ ਪ੍ਰਾਪਤ ਹੋਵੇਗਾ | ਉਨ੍ਹਾਂ ਨੇ ਸਮਾਜ ਸੇਵਾ ਨੂੰ ਖ਼ਾਸ ਮਹੱਤਵ ਦਿੱਤਾ | ਐੱਨ.ਐੱਸ.ਐੱਸ. ਯੂਨਿਟਾਂ ਦੇ ਪ੍ਰੋਗਰਾਮ ਅਫ਼ਸਰ ਡਾ. ਅਸ਼ੋਕ ਕੁਮਾਰ ਤੇ ਡਾ. ਊਸ਼ਾ ਰਾਣੀ ਨੇ ਕੈਂਪ ਦੇ ਥੀਮ ਸਬੰਧੀ ਜ਼ਿਕਰ ਕਰਦੇ ਹੋਏ ਕੈਂਪ ਦੌਰਾਨ ਉਲੀਕੇ ਕਾਰਜਾਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਹ ਕਾਲਜ ਦਾ ਚੌਥਾ ਕੈਂਪ ਹੈ ਜਿਸ ਵਿਚ ਰੈਗੂਲਰ ਤੇ ਸੈੱਲਫ਼ ਫਾਈਨਾਂਸ ਯੂਨਿਟਾਂ ਦੇ ਸੌ ਵਲੰਟੀਅਰ ਭਾਗ ਲੈ ਰਹੇ ਹਨ | ਉਦਘਾਟਨੀ ਸਮਾਰੋਹ ਦੇ ਅੰਤ ਵਿਚ ਕਾਲਜ ਪਿ੍ੰਸੀਪਲ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਰਸਮੀ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਡਾ. ਰਾਕੇਸ਼ ਕੁਮਾਰ, ਡਾ. ਕਰਮਜੀਤ ਸਿੰਘ, ਡਾ. ਗਗਨਦੀਪ ਸਿੰਘ, ਡਾ. ਮਨਜੋਤ ਕੌਰ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਪ੍ਰਭਜੋਤ ਕੌਰ, ਗ੍ਰਾਮ ਪੰਚਾਇਤ ਬੇਨੜਾ ਤੋਂ ਪੰਚ ਲੁਕਿੰਦਰ ਸਿੰਘ, ਪੰਚ ਹਰਪ੍ਰੀਤ ਸਿੰਘ ਹਾਜ਼ਰ ਸਨ |