ਸੁਨਾਮ ਊਧਮ ਸਿੰਘ ਵਾਲਾ, 5 ਫਰਵਰੀ (ਭੁੱਲਰ, ਧਾਲੀਵਾਲ) - ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਵਿੱਢੀ ਗਈ ਮੁਹਿੰਮ ਤਹਿਤ ਸਬਡਵੀਜ਼ਨ ਪੁਲਿਸ ਸੁਨਾਮ ਵਲੋਂ 23 ਗ੍ਰਾਮ ਹੈਰੋਇਨ, 160 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਡੀ.ਐਸ.ਐੱਚ.ਪੀ. ਸੁਨਾਮ ਊਧਮ ਸਿੰਘ ਵਾਲਾ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਬਡਵੀਜ਼ਨ ਸੁਨਾਮ ਦੇ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ, ਲੋਂਗੋਵਾਲ ਅਤੇ ਚੀਮਾ ਦੇ ਇਲਾਕੇ ਨਸ਼ਾ ਤਸਕਰਾਂ ਵਿਰੁੱਧ 29 ਜਨਵਰੀ ਤੋਂ 4 ਫਰਵਰੀ ਤੱਕ 3 ਮੁਕੱਦਮੇ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ 4 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਿਨ੍ਹਾਂ ਕੋਲੋਂ 23 ਗ੍ਰਾਮ ਹੈਰੋਇਨ / ਚਿੱਟਾ, 160 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ | ਡੀ.ਐਸ.ਪੀ. ਖਹਿਰਾ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਉਪਰੰਤ ਸ਼ਨਾਖ਼ਤ ਗੁਪਤ ਰੱਖਦਿਆਂ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਣ ਦੇ ਮੰਤਵ ਨਾਲ ਹੁਣ ਤੱਕ ਕਰੀਬ 7 ਵਿਅਕਤੀਆਂ ਨੂੰ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਡੀ-ਐਡੀਕੇਸ਼ਨ ਸੈਂਟਰ ਵਿਚ ਰਜਿਸਟਰੇਸ਼ਨ ਕਰਵਾ ਕੇ ਦਵਾਈ ਦਿਵਾਈ ਗਈ ਹੈ | ਇਸ ਤੋ ਇਲਾਵਾ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 110 ਵਾਹਨਾਂ ਦੇ ਵੱਖ-ਵੱਖ ਨਿਯਮਾਂ ਤਹਿਤ ਟਰੈਫ਼ਿਕ ਚਲਾਨ ਕੀਤੇ ਗਏ ਹਨ |