ਧੂਰੀ, 20 ਫਰਵਰੀ (ਸੰਜੇ ਲਹਿਰੀ) - ਪੰਜਾਬ ਵਾਸੀਆਂ ਲਈ ਮਨੁੱਖਤਾ ਦੇ ਮਸੀਹੇ ਵਜੋਂ ਜਾਣੇ ਜਾਂਦੇ ਸ੍ਰੀ ਐਸ ਪੀ ਸਿੰਘ ਉਬਰਾਏ ਵਲੋਂ ਚਲਾਏ ਜਾ ਰਹੇ ਚੈਰੀਟੇਬਲ ਟਰੱਸਟ ਸਰਬਤ ਦਾ ਭਲਾ ਇਕਾਈ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ੍ਰੀ ਸੁਖਮਿੰਦਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿਚ ਲੋੜਵੰਦ ਲੜਕੀਆਂ ਲਈ ਮੁਫ਼ਤ ਸਿਲਾਈ ਕਢਾਈ ਸੈਂਟਰ, ਮੁਫ਼ਤ ਕੰਪਿਊਟਰ ਕੋਰਸ ਸੈਂਟਰ ਅਤੇ ਬਹੁਤ ਹੀ ਘੱਟ ਰੇਟਾਂ 'ਤੇ ਲੋੜਵੰਦ ਮਰੀਜ਼ਾਂ ਦੇ ਟੈਸਟ ਕਰਨ ਲਈ ਚੈਰੀਟੇਬਲ ਲੈਬਾਰਟਰੀ ਖੋਲ੍ਹਣ ਦੀ ਇੱਛਾ ਪ੍ਰਗਟਾਈ ਹੈ | ਸ੍ਰੀ ਸੁਖਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਿਛੋਕੜ ਧੂਰਾ ਪਿੰਡ ਦਾ ਹੋਣ ਕਾਰਨ ਉਨ੍ਹਾਂ ਦੇ ਮਨ ਵਿਚ ਇਹ ਰੀਝ ਹੈ ਕਿ ਸੰਗਰੂਰ ਸਮੇਤ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿਚ ਟਰੱਸਟ ਵਲੋਂਾ ਚਲਾਏ ਜਾ ਰਹੇ ਸਿਲਾਈ ਕਢਾਈ, ਕੰਪਿਊਟਰ ਕੋਰਸ ਸੈਂਟਰਾਂ ਅਤੇ ਚੈਰੀਟੇਬਲ ਲੈਬਾਰਟਰੀਆਂ ਵਾਂਗ ਧੂਰੀ ਵਿਖੇ ਵੀ ਅਜਿਹੇ ਸੈਂਟਰ ਸਥਾਪਿਤ ਕੀਤੇ ਜਾਣ ਤਾਂ ਜੋ ਇਲਾਕੇ ਦੇ ਗਰੀਬ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਅਤੇ ਇਲਾਕੇ ਦੇ ਹਜ਼ਾਰਾਂ ਲੋੜਵੰਦ ਮਰੀਜ਼ਾਂ ਨੂੰ ਇਸ ਦਾ ਲਾਭ ਮਿਲ ਸਕੇ ਉਨ੍ਹਾਂ ਕਿਹਾ ਕਿ ਜੇਕਰ ਧੂਰੀ ਦੀ ਨਗਰ ਕੌਂਸਲ ਜਾ ਕੋਈ ਨੇੜਲੇ ਪਿੰਡ ਦੀ ਪੰਚਾਇਤ ਉਨ੍ਹਾਂ ਨੂੰ ਅਜਿਹੇ ਸੈਂਟਰ ਤੇ ਲੈਬਾਰਟਰੀ ਖੋਲ੍ਹਣ ਲਈ ਢੁਕਵੀਂ ਜਗ੍ਹਾ ਉਪਲਬਧ ਕਰਵਾ ਦੇਵੇ ਤਾਂ ਉਹ ਜਲਦ ਹੀ ਧੂਰੀ ਵਿਖੇ ਅਜਿਹੇ ਸੈਂਟਰ ਖੋਲ੍ਹਣ ਦਾ ਬੀੜਾ ਚੁੱਕਣਗੇ ਉਨ੍ਹਾਂ ਦੱਸਿਆ ਕਿ ਸ੍ਰੀ ਐਸ ਪੀ ਸਿੰਘ ਉਬਰਾਏ ਵਲੋਂ ਨਿਸਵਾਰਥ ਹਰ ਮਹੀਨੇ ਆਪਣੀ ਨੇਕ ਕਮਾਈ ਵਿਚੋਂ ਲੋੜਵੰਦ ਲੋਕਾਂ ਦੀ ਸੇਵਾ ਤੇ ਲੱਖਾਂ ਰੁਪਏ ਖਰਚੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਪੰਜਾਬ ਵਿਚ ਵਸਦੇ ਵੱਧ ਤੋਂ ਵੱਧ ਲੋੜਵੰਦ ਲੋਕ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਸੇਵਾਵਾਂ ਦਾ ਲਾਭ ਲੈ ਸਕਣ |