ਮਲੇਰਕੋਟਲਾ, 23 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੀ ਇਕ ਅਹਿਮ ਮੀਟਿੰਗ ਅੱਜ ਬਾਰ ਰੂਮ ਵਿਖੇ ਪ੍ਰਧਾਨ ਅਰਵਿੰਦ ਸਿੰਘ ਮਾਵੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਵਕੀਲਾਂ ਨੇ ਲੀਗਲ ਏਡ ਕਲਿਨਿਕ, ਐਕਸ਼ਨ ਪਲਾਨ ਕੇਸ, ਐਲ.ਏ.ਡੀ.ਸੀ ਪ੍ਰਣਾਲੀ ਅਤੇ ਗ੍ਰਾਮ ਨਿਆਂਲਿਆ ਨਾਲ ਜੁੜੇ ਮਸਲਿਆਂ 'ਤੇ ਗੰਭੀਰ ਚਰਚਾ ਕੀਤੀ ਅਤੇ ਸਰਕਾਰ ਵਲੋਂ ਬਣਾਈ ਗਈ ਕਾਰਵਾਈ ਯੋਜਨਾ ਪ੍ਰਤੀ ਆਪਣਾ ਵਿਰੋਧ ਦਰਜ ਕਰਦਿਆਂ ਨਾਅਰੇਬਾਜ਼ੀ ਕੀਤੀ | ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਐਡਵੋਕੇਟ ਅਰਵਿੰਦ ਸਿੰਘ ਮਾਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਮਲੇਰਕੋਟਲਾ ਦੇ ਸਮੂਹ ਵਕੀਲ 27 ਫ਼ਰਵਰੀ ਤੱਕ ਅਦਾਲਤੀ ਕੰਮਕਾਜ ਤੋਂ ਦੂਰ ਰਹਿਣਗੇ | ਇਸ ਦੌਰਾਨ ਕੋਈ ਵਕੀਲ ਅਦਾਲਤ ਵਿਚ ਪੇਸ਼ ਨਹੀਂ ਹੋਵੇਗਾ ਅਤੇ ਸਾਰੇ ਕੇਸਾਂ ਵਿਚ ਹਾਜ਼ਰੀ ਮੁਆਫ਼ੀ ਲਈ ਅਰਜ਼ੀਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਪ੍ਰਣਾਲੀ ਦੀ ਦੁਰਵਰਤੋਂ ਕਾਰਨ ਪ੍ਰਾਈਵੇਟ ਵਕੀਲ ਸਹਿਬਾਨਾਂ ਦਾ ਨੁਕਸਾਨ ਹੋ ਰਿਹਾ ਹੈ ਇਸ ਨਾਲ ਹੀ ਖ਼ੁਦ-ਫਸਾਓ ਅਤੇ ਖ਼ੁਦ ਬਚਾਓ ਦੀ ਨੀਤੀ ਦਾ ਵੀ ਵਿਰੋਧ ਕੀਤਾ ਗਿਆ | ਇਸ ਮੌਕੇ ਵਕੀਲ ਭਾਈਚਾਰੇ ਨੇ ਦੱਸਿਆ ਕਿ ਲੀਗਲ ਏਡ ਪ੍ਰਣਾਲੀ ਵਿਚ ਕੀਤੀਆਂ ਤਬਦੀਲੀਆਂ ਨਾਲ ਬਾਰ ਅਤੇ ਬੈਂਚ ਦੇ ਰਿਸ਼ਤਿਆਂ 'ਤੇ ਅਸਰ ਪੈ ਸਕਦਾ ਹੈ ਅਤੇ ਨੌਜਵਾਨ ਵਕੀਲਾਂ ਦੇ ਹੱਕਾਂ ਦੀ ਉਲੰਘਣਾ ਹੋ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਸੰਬੰਧਿਤ ਹੁਕਮ ਵਾਪਸ ਲਵੇ ਅਤੇ ਬਾਰ ਐਸੋਸੀਏਸ਼ਨਾਂ ਨਾਲ ਸਲਾਹ-ਮਸ਼ਵਰਾ ਕਰ ਕੇ ਹੀ ਕੋਈ ਫ਼ੈਸਲਾ ਕੀਤਾ ਜਾਵੇ | ਜ਼ਿਕਰਯੋਗ ਹੈ ਕਿ ਅੱਜ ਦੀ ਇਹ ਅਹਿਮ ਮੀਟਿੰਗ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਅਰਵਿੰਦ ਸਿੰਘ ਮਾਵੀ, ਐਗਜ਼ੀਕਿਊਟਿਵ ਮੈਂਬਰਾਂ, ਸਕੱਤਰ ਮੁਹੰਮਦ ਅਸਲਮ, ਮੀਤ ਪ੍ਰਧਾਨ ਮੁਹੰਮਦ ਕਾਸਿਮ, ਜੁਆਇੰਟ ਸਕੱਤਰ ਲੀਆਸ ਖਾਂ ਮਲਿਕ ਅਤੇ ਫਾਇਨਾਂਸ ਸਕੱਤਰ ਗੌਤਮ ਸਿੰਗਲਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਐਡਵੋਕੇਟ ਨਰਿੰਦਰ ਕੁਮਾਰ ਪੁਰੀ, ਐਡਵੋਕੇਟ ਜਤਿੰਦਰ ਪਾਲ ਕਾਲੀਆ, ਐਡਵੋਕੇਟ ਮਹਿੰਦਰ ਪਾਲ ਗੋਇਲ, ਐਡਵੋਕੇਟ ਪ੍ਰਦੀਪ ਸਿੰਘ ਭਨੋਟ, ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਰਵਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਸਾਬਕਾ ਪ੍ਰਧਾਨਾਂ ਅਤੇ ਜੂਨੀਅਰ ਵਕੀਲਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ ਅਤੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ | ਅੰਤ ਵਿਚ ਪ੍ਰਧਾਨ ਅਰਵਿੰਦ ਸਿੰਘ ਮਾਵੀ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਹੜਤਾਲ ਦੌਰਾਨ ਅਨੁਸ਼ਾਸਨ ਬਣਾਈ ਰੱਖਿਆ ਜਾਵੇ ਅਤੇ ਬਾਰ ਦੀ ਏਕਤਾ ਨੂੰ ਕਾਇਮ ਰੱਖਿਆ ਜਾਵੇ |