ਸੰਗਰੂਰ, 25 ਫਰਵਰੀ (ਧੀਰਜ ਪਸ਼ੌਰੀਆ) - ਨੈਸ਼ਨਲ ਗ੍ਰੀਨ ਟਿ੍ਬਿਊਨਲ ਵਿਚ ਸੰਗਰੂਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਚੱਲ ਰਹੇ ਕੇਸ ਵਿਚ ਪਟੀਸ਼ਨਰਾਂ ਐਡਵੋਕੇਟ ਕਮਲ ਆਨੰਦ, ਜਤਿੰਦਰ ਕਾਲੜਾ, ਪ੍ਰਵੀਨ ਬਾਂਸਲ, ਰੌਸ਼ਨ ਗਰਗ ਜਿਨ੍ਹਾਂ ਨਾਲ ਐਡਵੋਕੇਟ ਭਗਵੰਤ ਸਿੰਘ, ਦਲੀਪ ਮਿਸ਼ਰਾ ਅਤੇ ਅਤੁਲ ਕੁਮਾਰ ਬੀ ਮੌਜੂਦ ਸਨ, ਨੇ ਤੱਥਾਂ ਸਹਿਤ ਨਗਰ ਕੌਂਸਲ ਵਿਰੁੱਧ ਕਈ ਸਬੂਤ ਪੇਸ਼ ਕੀਤੇ ਹਨ | ਪਟੀਸ਼ਨਰਾਂ ਅਨੁਸਾਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਜਵਾਬ ਸਚਾਈ ਤੋਂ ਕੋਹਾਂ ਦੂਰ ਅਤੇ ਗੁੰਮਰਾਹਕੁੰਨ ਹੈ | ਪਟੀਸ਼ਨਰਾਂ ਨੇ ਪ੍ਰਦੂਸ਼ਣ ਬੋਰਡ ਦੀ 9 ਫਰਵਰੀ 2026 ਦੀ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਈ.ਓ. ਨੇ ਦਾਅਵਾ ਕੀਤਾ ਸੀ ਕਿ 50 ਪਿੱਟ ਚਾਲੂ ਹਨ, ਜਦਕਿ ਬੋਰਡ ਦੀ ਰਿਪੋਰਟ ਮੁਤਾਬਕ 71 ਵਿਚੋਂ ਇੱਕ ਵੀ ਪਿੱਟ ਚਾਲੂ ਨਹੀਂ ਮਿਲਿਆ | ਨਗਰ ਕੌਂਸਲ ਨੇ ਕੂੜਾ ਸਾੜਨ ਤੋਂ ਇਨਕਾਰ ਕੀਤਾ ਸੀ, ਪਰ ਬੋਰਡ ਦੀ ਟੀਮ ਨੂੰ ਉਭਾਵਾਲ ਰੋਡ ਲੈਂਡਫਿਲ ਸਾਈਟ ਅਤੇ ਨਵੀਂ ਅਨਾਜ ਮੰਡੀ ਦੇ ਪਿੱਛੇ ਕੂੜੇ ਨੂੰ ਅੱਗ ਲੱਗੀ ਮਿਲੀ | ਲੈਂਡਫਿਲ ਸਾਈਟ 'ਤੇ 20 ਫੁੱਟ ਉੱਚੇ ਕੂੜੇ ਦੇ ਢੇਰ ਹਨ, ਉੱਥੇ ਕੂੜਾ ਤੋਲਣ ਲਈ ਕੋਈ ਕੰਡਾ ਨਹੀਂ ਹੈ ਅਤੇ ਜ਼ਹਿਰੀਲੇ ਪਾਣੀ ਦੇ ਪ੍ਰਬੰਧਨ ਦਾ ਕੋਈ ਇੰਤਜ਼ਾਮ ਨਹੀਂ ਹੈ | ਨਗਰ ਕੌਂਸਲ 'ਤੇ ਲੱਗਿਆ 84 ਲੱਖ ਰੁਪਏ ਦਾ ਵਾਤਾਵਰਨ ਜੁਰਮਾਨਾ ਅਜੇ ਤੱਕ ਬਕਾਇਆ ਹੈ | ਐਡਵੋਕੇਟ ਕਮਲ ਆਨੰਦ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਅਦਾਲਤ ਵਿਚ ਝੂਠਾ ਹਲਫ਼ਨਾਮਾ ਦਾਇਰ ਕਰ ਕੇ ਨਾ ਸਿਰਫ਼ ਟਿ੍ਬਿਊਨਲ ਨੂੰ ਗੁਮਰਾਹ ਕੀਤਾ ਹੈ, ਬਲਕਿ ਸੰਗਰੂਰ ਦੇ ਨਾਗਰਿਕਾਂ ਦੀ ਸਿਹਤ ਨਾਲ ਅਪਰਾਧਿਕ ਖਿਲਵਾੜ ਵੀ ਕੀਤਾ ਹੈ | ਜਿਸ ਸ਼ਹਿਰ ਨੂੰ 'ਮਾਡਲ ਸਿਟੀ' ਕਿਹਾ ਜਾਂਦਾ ਸੀ, ਅੱਜ ਉੱਥੋਂ ਦੇ ਅਫ਼ਸਰਾਂ ਦੀ ਨਿਕੰਮੀ ਕਾਰਗੁਜ਼ਾਰੀ ਕਾਰਨ ਉਹ ਕੂੜੇ ਦੇ ਢੇਰਾਂ ਵਿਚ ਦੱਬਿਆ ਹੋਇਆ ਹੈ | ਜੇਕਰ ਕਾਰਜਸਾਧਕ ਅਫ਼ਸਰ ਆਪਣੇ ਦਫ਼ਤਰ ਦੇ ਮੋਹਰਿਓਾ ਕੂੜਾ ਨਹੀਂ ਚੁਕਵਾ ਸਕਦੇ, ਤਾਂ ਉਨ੍ਹਾਂ ਨੂੰ ਕੁਰਸੀ 'ਤੇ ਬੈਠਣ ਦਾ ਕੋਈ ਨੈਤਿਕ ਹੱਕ ਨਹੀਂ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਇਹਨਾਂ ਅਧਿਕਾਰੀਆਂ ਵਿਰੁੱਧ ਝੂਠੀ ਗਵਾਹੀ ਤਹਿਤ ਕਾਰਵਾਈ ਕੀਤੀ ਜਾਵੇ ਅਤੇ ਜੁਰਮਾਨੇ ਦੀ ਰਕਮ ਉਨ੍ਹਾਂ ਦੀਆਂ ਨਿੱਜੀ ਤਨਖ਼ਾਹਾਂ ਵਿਚੋਂ ਵਸੂਲੀ ਜਾਵੇ, ਤਾਂ ਜੋ ਜਨਤਾ ਦੇ ਟੈਕਸ ਦੇ ਪੈਸੇ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ | 'ਐਡਵੋਕੇਟ ਭਗਵੰਤ ਸਿੰਘ ਅਤੇ ਜਤਿੰਦਰ ਕਾਲੜਾ ਨੇ ਕਿਹਾ ਕਿ ਨਗਰ ਕੌਂਸਲ ਨੇ ਸਿਰਫ਼ ਅਦਾਲਤ ਨੂੰ ਦਿਖਾਉਣ 'ਡਥ ਕਾਸਮੈਟਿਕ ਸਫ਼ਾਈ' ਕੀਤੀ ਸੀ | ਰਣਬੀਰ ਕਾਲਜ ਰੋਡ 'ਤੇ ਅੱਜ ਵੀ 50 ਮੀਟਰ ਤੱਕ ਸੜਕ ਕੂੜੇ ਨਾਲ ਭਰੀ ਹੋਈ ਹੈ, ਜੋ ਅਧਿਕਾਰੀਆਂ ਦੇ ਝੂਠ ਨੂੰ ਬੇਨਕਾਬ ਕਰਦੀ ਹੈ |