ਧੂਰੀ, 25 ਫਰਵਰੀ (ਸੰਜੇ ਲਹਿਰੀ) - ਪੰਜਾਬੀ ਸਾਹਿਤ ਸਭਾ ਧੂਰੀ ਦਾ ਸਾਹਿਤਕ ਸਮਾਗਮ ਐਤਵਾਰ 1 ਮਾਰਚ ਨੂੰ ਸਵੇਰੇ 10 ਵਜੇ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਕੀਤਾ ਜਾਵੇਗਾ ਜਿਸ ਵਿਚ ਸਭਾ ਦੇ ਸਰਪ੍ਰਸਤ ਜਗਦੇਵ ਸ਼ਰਮਾ ਬੁਗਰਾ ਦਾ ਨਾਵਲ 'ਇੱਕ ਸਦੀ ਦੀ ਮੌਤ' ਲੋਕ ਅਰਪਣ ਕੀਤਾ ਜਾਵੇਗਾ | ਇਸ ਬਾਰੇ ਵਿਚਾਰ ਚਰਚਾ ਦੀ ਸ਼ੁਰੂਆਤ ਪਿ੍ੰਸੀਪਲ ਸੁਖਜੀਤ ਕੌਰ ਸੋਹੀ ਕਰਨਗੇ | ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਨਾਵਲ ਦੇ ਛਪਣ ਤੋਂ ਪਹਿਲਾਂ ਖਰੜੇ 'ਤੇ ਵੀ ਸਭਾ ਵਲੋਂ ਸਾਹਿਤਕ ਗੋਸ਼ਟੀ ਕਰਵਾਈ ਗਈ ਸੀ | ਇਸ ਤੋਂ ਇਲਾਵਾ ਜਨਵਰੀ ਮਹੀਨੇ ਤੋਂ ਸ਼ੁਰੂ ਕੀਤੇ ਗਏ ਕਵਿਤਾ ਸਕੂਲ ਦਾ ਤੀਜਾ ਪਾਠ ਵੀ ਪੜ੍ਹਾਇਆ ਜਾਵੇਗਾ ਜਿਸ ਦੇ ਅਧਿਆਪਕ ਛੰਦ ਸ਼ਾਸਤਰ ਦੇ ਵਿਦਵਾਨ ਤੇ ਸਿੱਖਿਆ ਸ਼ਾਸਤਰੀ ਸ. ਜੰਗ ਸਿੰਘ ਫ਼ੱਟੜ ਪਿਛਲੇ ਮਹੀਨੇ ਦਿੱਤੇ ਤਰਹ ਮਿਸ਼ਰੇ 'ਤੇ ਲਿਖੀਆਂ ਰਚਨਾਵਾਂ ਦੀ ਪੜਚੋਲ ਕਰਨ ਤੋਂ ਬਾਅਦ ਅਗਲੇ ਛੰਦ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇ ਕੇ ਨਵਾਂ ਤਰਹ ਮਿਸ਼ਰਾ ਵੀ ਜਾਰੀ ਕਰਨਗੇ | ਅੰਤ ਵਿਚ ਕਵੀ ਦਰਬਾਰ ਅਤੇ ਮਾਰਚ ਮਹੀਨੇ ਵਿਚ ਜਨਮੇਂ ਸਾਹਿਤਕਾਰਾਂ ਨੂੰ ਵਧਾਈ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ |