ਕੁੱਪ ਕਲਾਂ, 25 ਫ਼ਰਵਰੀ ( ਝੱਲ) - ਜ਼ਿਲ੍ਹਾ ਬਰਨਾਲਾ ਵਿਖੇ ਸ੍ਰੀ ਰਾਹੁਲ ਗਾਂਧੀ ਵਲੋਂ 28 ਫ਼ਰਵਰੀ ਨੂੰ ਕੀਤੀ ਜਾ ਰਹੀ 'ਮਨਰੇਗਾ ਬਚਾਊ ਸੰਗਰਾਮ' ਰੈਲੀ ਵਿਚ ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਕੁੱਪ ਕਲਾਂ ਵਿਖੇ ਬਲਾਕ ਅਹਿਮਦਗੜ੍ਹ ਕਾਂਗਰਸ ਦੀ ਰੱਖੀ ਵਿਸ਼ੇਸ਼ ਇਕੱਤਰਤਾ ਦੌਰਾਨ ਵਿਚਾਰ ਸਾਂਝੇ ਕਰਦਿਆਂ ਜ਼ਿਲ੍ਹਾ ਮਲੇਰਕੋਟਲਾ ਦੀ ਪ੍ਰਧਾਨ ਬੀਬੀ ਨਿਸ਼ਾਂਤ ਅਖ਼ਤਰ ਨੇ ਆਖਿਆ ਕਿ ਕੇਂਦਰ ਵਿਚ ਰਾਜ ਕਰ ਰਹੀ ਭਾਜਪਾ ਸਰਕਾਰ ਨੇ ਹਮੇਸ਼ਾ ਦੇਸ਼ ਦੇ ਲੋਕਾਂ ਨਾਲ ਧੱਕਾ ਕੀਤਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਗ਼ਰੀਬ ਲੋਕਾਂ ਨੂੰ ਜੀਵਨ ਬਸਰ ਕਰਨ ਲਈ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸੀ ਸਗੋਂ ਜੋ ਕਾਂਗਰਸ ਸਰਕਾਰਾਂ ਦੇ ਸਮੇਂ ਰੋਜ਼ੀ ਰੋਟੀ ਇਕੱਠੀ ਕਰਨ ਦੇ ਮੰਤਬ ਵਜੋਂ ਦਿੱਤਾ ਗਿਆ ਰੁਜ਼ਗਾਰ ਸੀ ਉਸ ਨੂੰ ਵੀ ਖੋਹਣ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ | ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਆਖਿਆ ਕਿ ਕਾਂਗਰਸ ਉਹ ਪਾਰਟੀ ਹੈ ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜੀ ਅਤੇ ਹੁਣ ਵੀ ਕਿਸੇ ਵਰਗ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਇਕੱਤਰਤਾ ਦੌਰਾਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਕੁਲਾਲ ਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਸ਼ਹਿਰ ਅਹਿਮਦਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ, ਪ੍ਰਧਾਨ ਜਗਰੂਪ ਸਿੰਘ ਬਿੱਟੂ, ਗੁਰਵਿੰਦਰ ਸਿੰਘ ਫੱਲੇਵਾਲ, ਜੰਗਦੀਨ ਬੇਗੋਵਾਲ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |