ਛਾਜਲੀ, 26 ਫਰਵਰੀ (ਅਜਾਇਬ ਸਿੰਘ ਨੀਲੋਵਾਲ) - ਦਿੜ੍ਹਬਾ ਹਲਕੇ ਵਿਚ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ | ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸੰਤ ਬਲਬੀਰ ਸਿੰਘ ਘੁੰਨਸ ਦੀਆਂ ਲਗਾਤਾਰ ਵਧ ਰਹੀਆਂ ਗੁਪਤ ਫੇਰੀਆਂ ਨੇ ਹਲਕੇ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ | ਪਿੰਡ ਪੱਧਰ 'ਤੇ ਮੀਟਿੰਗਾਂ ਅਤੇ ਪੁਰਾਣੇ ਸਾਥੀਆਂ ਨਾਲ ਰਾਬਤੇ ਨੂੰ ਸੰਭਾਵੀ ਉਮੀਦਵਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਹਾਲੀਆ ਬਲਾਕ ਸੰਮਤੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ | ਕਈ ਅਕਾਲੀ ਆਗੂ ਬਿਖਰੇ ਦਲ ਨੂੰ ਇਕੱਠਾ ਕਰਨ ਦੀ ਗੱਲ ਕਰ ਰਹੇ ਹਨ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਕਾਲੀ ਦਲ 'ਚ ਵਾਪਸੀ ਦੀ ਉਮੀਦ ਵੀ ਕਰ ਰਹੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਫੁੱਟ ਕਾਰਨ ਪਾਰਟੀ ਨੂੰ ਪਹਿਲਾਂ ਵੱਡਾ ਨੁਕਸਾਨ ਝੱਲਣਾ ਪਿਆ | ਦੂਜੇ ਪਾਸੇ ਢੀਂਡਸਾ ਸਮਰਥਕ ਮਾਸਟਰ ਰਣਜੀਤ ਸਿੰਘ ਛਾਜਲਾ ਨੂੰ ਵੀ ਸੰਭਾਵੀ ਉਮੀਦਵਾਰ ਵਜੋਂ ਅੱਗੇ ਕਰ ਰਹੇ ਹਨ, ਕਿਉਂਕਿ ਢੀਂਡਸਾ ਪਰਿਵਾਰ ਦਾ ਸੰਗਰੂਰ ਜ਼ਿਲ੍ਹੇ 'ਚ ਵੱਡਾ ਆਧਾਰ ਹੈ | ਕਾਂਗਰਸ ਖੇਮੇ ਵਿਚ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਦੇ ਨਾਮ ਬਾਰੇ ਵੀ ਅਟਕਲਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ | ਭਾਵੇਂ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ, ਪਰ ਉਨ੍ਹਾਂ ਦੀ ਰਾਜ ਪੱਧਰੀ ਪਛਾਣ ਅਤੇ ਦਲਿਤ ਵਰਗ ਵਿਚ ਪ੍ਰਭਾਵ ਸਿਆਸੀ ਚਰਚਾਵਾਂ ਨੂੰ ਜ਼ੋਰ ਦੇ ਰਹੀ ਹੈ | ਮੌਜੂਦਾ ਵਿਧਾਇਕ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹਲਕੇ ਵਿਚ ਸਰਕਾਰੀ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਲਈ ਲਗਾਤਾਰ ਦੌਰੇ ਕਰ ਰਹੇ ਹਨ | ਲੋਕ ਮਿਲਣੀਆਂ ਅਤੇ ਜਨ ਸਭਾਵਾਂ ਰਾਹੀਂ ਉਹ ਆਪਣੀ ਪਕੜ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ | ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਮੇਂ ਆਪ 'ਚ ਵੀ ਧੜੇਬੰਦੀ ਦੇਖਣ ਨੂੰ ਮਿਲੀ, ਜਿਸ ਦਾ ਖ਼ਮਿਆਜ਼ਾ ਪਾਰਟੀ ਨੂੰ ਸਭ ਤੋਂ ਵੱਡੇ ਪਿੰਡ ਛਾਜਲੀ ਦੀ ਬਲਾਕ ਸੰਮਤੀ ਚੋਣ ਹਾਰ ਕੇ ਚੁਕਾਉਣਾ ਪਿਆ | ਸਿਆਸੀ ਜਾਣਕਾਰਾਂ ਅਨੁਸਾਰ ਆਉਣ ਵਾਲੀ ਚੋਣ ਵਿਚ ਇੱਕਜੁੱਟਤਾ, ਉਮੀਦਵਾਰ ਦੀ ਛਵੀ ਅਤੇ ਵੋਟ ਆਧਾਰ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਫ਼ਿਲਹਾਲ ਹਲਕੇ ਵਿਚ ਅਟਕਲਾਂ ਦਾ ਦੌਰ ਜਾਰੀ ਹੈ |