ਲੌਂਗੋਵਾਲ, 2 ਮਾਰਚ (ਵਿਨੋਦ, ਖੰਨਾ)-ਸਲਾਇਟ ਲੌਂਗੋਵਾਲ ਵਲੋਂ 'ਰਾਸ਼ਟਰੀ ਸਿੱਖਿਆ ਨੀਤੀ-2020: ਪੋਲਿਟੈਕਨਿਕ ਸਿੱਖਿਆ ਵਿਚ ਨਵੀਂ ਸੋਚ ਅਤੇ ਲਾਗੂ ਕਰਨ ਦੀ ਪ੍ਰਕਿਰਿਆ' ਵਿਸ਼ੇ 'ਤੇ ਦੋ ਦਿਨਾਂ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ | ਜਿਸ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਡਾ. ਅਤੁਲ ਕੋਠਾਰੀ ਰਾਸ਼ਟਰੀ ਸਕੱਤਰ ਸਿੱਖਿਆ ਸੰਸਕਿ੍ਤੀ ਵਿਕਾਸ ਨਿਆਸ ਨਵੀਂ ਦਿੱਲੀ ਨੇ ਕਿਹਾ ਕਿ ਸਿੱਖਿਆ ਹਰ ਵਰਗ ਅਤੇ ਪਰਿਵਾਰ ਨੂੰ ਇਕੱਠਾ ਜੋੜਦੀ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਦਾ ਮੂਲ ਉਦੇਸ਼ ਗਿਆਨ, ਹੁਨਰ ਅਤੇ ਚੰਗੇ ਚਰਿੱਤਰ ਦੇ ਸਮੂਹਿਕ ਵਿਕਾਸ ਰਾਹੀਂ ਦੇਸ਼ ਨੂੰ ਵਿਕਾਸ ਦੇ ਨਵੇਂ ਪੱਧਰ ਤੱਕ ਲੈ ਜਾਣਾ ਹੈ | ਸੰਤ ਲੌਂਗੋਵਾਲ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾ ਦੇ ਨਿਰਦੇਸ਼ਕ ਪ੍ਰੋ. ਮਨੀਕਾਂਤ ਪਸਵਾਨ ਨੇ ਕਿਹਾ ਕਿ ਤਕਨੀਕੀ ਅਧਿਆਪਕਾਂ ਦੀ ਤਾਲੀਮ ਪ੍ਰਭਾਵਸ਼ਾਲੀ ਹੁਨਰ ਵਿਕਾਸ ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ ਅਤੇ ਪਾਠਕ੍ਰਮ ਦੀ ਸਫਲ ਕਾਰਗੁਜ਼ਾਰੀ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਪੋਲਿਟੈਕਨਿਕ ਸੰਸਥਾਵਾਂ ਦੀ ਰੋਜ਼ਗਾਰ-ਕੇਂਦਰਿਤ ਸਿੱਖਿਆ ਵਿਚ ਅਹਿਮ ਭੂਮਿਕਾ ਉੱਤੇ ਵੀ ਚਾਨਣ ਪਾਇਆ | ਐਨ. ਆਈ. ਟੀ. ਟੀ. ਟੀ. ਆਰ. ਚੰਡੀਗੜ੍ਹ ਦੇ ਨਿਰਦੇਸ਼ਕ ਪ੍ਰੋ. ਭੋਲਾ ਰਾਮ ਗੁਰਜਰ ਅਤੇ ਡਾ. ਰਣਜੀਤ ਪ੍ਰਸ਼ਾਦ ਨੇ ਸੰਸਥਾਵਾਂ ਨੂੰ ਹੁਨਰ ਵਿਕਾਸ ਅਤੇ ਸਵਰੋਜ਼ਗਾਰੀ ਦੇ ਖੇਤਰ ਵਿਚ ਉਭਰ ਰਹੀਆਂ ਚੁਣੌਤੀਆਂ ਅਤੇ ਮੌਕਿਆਂ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਕੀਤਾ | ਇਸ ਸਮਾਗਮ ਦੇ ਪ੍ਰਬੰਧਕ ਪ੍ਰੋ. ਸ਼ੰਕਰ ਸਿੰਘ, ਮੁਖੀ ਵਿਭਾਗ (ਮਕੈਨੀਕਲ ਅਤੇ ਸਿਵਲ) ਸੰਤ ਲੌਂਗੋਵਾਲ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾ ਅਤੇ ਡਾ. ਮੀਨਾਕਸ਼ੀ ਸੂਦ ਚੰਡੀਗੜ੍ਹਸਨ | ਇਸ ਮੌਕੇ ਡਾ. ਸੁਰਿੰਦਰ ਕੁਮਾਰ, ਡਾ. ਪੰਕਜ ਕੁਮਾਰ ਦਾਸ, ਡਾ. ਅਨੁਜ ਬੰਸਲ ਅਤੇ ਡਾ. ਤਜਿੰਦਰ ਸਿੰਘ ਅਤੇ ਮੈਤ੍ਰੇਈ ਦੱਤਾ ਹਾਜ਼ਰ ਸਨ | ਪ੍ਰੋ. ਸ਼ੰਕਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਦੇਸ਼ ਭਰ ਦੇ 60 ਤੋਂ ਵੱਧ ਸਿੱਖਿਆ ਸ਼ਾਸਤਰੀਆਂ ਅਤੇ ਤਕਨੀਕੀ ਸਿੱਖਿਆ ਅਧਿਕਾਰੀਆਂ ਨੇ ਹਿੱਸਾ ਲਿਆ | ਸਮਾਪਤੀ ਸਮਾਰੋਹ ਮੌਕੇ ਪ੍ਰੋ. ਮਨੀ ਕਾਂਤ ਪਾਸਵਾਨ, ਪ੍ਰੋ. ਭੋਲਾ ਰਾਮ ਗੁਰਜਰ ਅਤੇ ਪ੍ਰੋ. ਰਾਜੀਵ ਕੁਮਾਰ ਵਾਈਸ ਚਾਂਸਲਰ, ਫਰੀਦਾਬਾਦ ਵਲੋਂ ਭਾਗੀਦਾਰੀ ਸਰਟੀਫਿਕੇਟ ਵੰਡੇ ਗਏ |