ਦਿੜ੍ਹਬਾ ਮੰਡੀ, 3 ਮਾਰਚ (ਹਰਬੰਸ ਸਿੰਘ ਛਾਜਲੀ) - ਦਿੜ੍ਹਬਾ ਵਿਖੇ ਰਾਸ਼ਟਰੀ ਰਾਜ ਮਾਰਗ 'ਤੇ ਸਵੇਰੇ ਹੀ ਨੌਜਵਾਨ 'ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਤੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ | ਨੌਜਵਾਨ ਸੜਕ 'ਤੇ ਤੜਫ਼ਦਾ ਰਿਹਾ | ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਫੈਲ ਗਈ | ਪ੍ਰਾਪਤ ਵੇਰਵਿਆਂ ਅਨੁਸਾਰ ਸੁਖਦਰਸ਼ਨ ਸਿੰਘ ਉਰਫ਼ ਨੋਨੀ ਸਿੱਧੂ ਵਾਸੀ ਤੂਰਬੰਜਾਰਾ ਸਵੇਰੇ ਮੋਟਰਸਾਈਕਲ 'ਤੇ ਦਿੜ੍ਹਬਾ ਆ ਰਿਹਾ ਸੀ, ਦੀ ਜਨਾਲ ਰੋਡ ਦੇ ਸਾਹਮਣੇ ਕੁੱਝ ਲੋਕਾਂ ਨੇ ਦਾਤਰ ਜੜੀਆਂ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਘਟਨਾ ਸਥਾਨ 'ਤੇ ਪੁੱਜੀ ਅਤੇ ਸੁਖਦਰਸ਼ਨ ਸਿੰਘ ਨੋਨੀ ਸਿੱਧੂ ਨੂੰ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਸੰਗਰੂਰ ਲਿਜਾਇਆ ਗਿਆ | ਹਾਲਤ ਗੰਭੀਰ ਹੋਣ ਤੇ ਡੀ.ਐਮ.ਸੀ. ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ | ਹਮਲਾਵਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ | ਥਾਣਾ ਮੁੱਖ ਅਫ਼ਸਰ ਦਿੜ੍ਹਬਾ ਇੰਸਪੈਕਟਰ ਕਮਲਦੀਪ ਸਿੰਘ ਨੇ ਕਿਹਾ ਕਿ ਬਿਆਨ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ | ਹਮਲਾਵਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ |