ਸਸਤੇ ਕੈਮੀਕਲ ਰੰਗਾਂ ਦੀ ਥਾਂ ਆਰਗੈਨਿਕ ਰੰਗ ਬਣੇ ਪਹਿਲੀ ਪਸੰਦ
ਪਟਿਆਲਾ, 3 ਮਾਰਚ (ਧਰਮਿੰਦਰ ਸਿੰਘ ਸਿੱਧੂ)-ਲੰਘੇ 10 ਸਾਲਾਂ ਵਿਚ ਪਿੰਡਾਂ, ਸ਼ਹਿਰਾਂ ਵਿਚ ਹੋਲੀ ਮਨਾਉਣ ਦੇ ਢੰਗ ਵਿਚ ਨਿਰੰਤਰ ਬਦਲਾਅ ਆਉਂਦਾ ਜਾ ਰਿਹਾ ਹੈ | ਬੇਸ਼ੱਕ ਪਹਿਲਾਂ ਹੋਲੀ ਰਵਾਇਤੀ ਢੰਗ ਤੇ ਸਮੂਹਿਕ ਤੌਰ 'ਤੇ ਮਨਾਈ ਜਾਂਦੀ ਰਹੀ ਹੈ ਪ੍ਰੰਤੂ ਹੁਣ ਇਸਨੂੰ ਮਨਾਉਣ ਦੇ ਢੰਗਾਂ ਵਿਚ ਜਾਗਰੂਕਤਾ, ਟੈਕਨਾਲੋਜੀ ਅਤੇ ਵੱਖ-ਵੱਖ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਸ਼ਾਮਿਲ ਹੋ ਗਈਆਂ ਹਨ | ਸਭ ਤੋਂ ਵੱਡਾ ਫ਼ਰਕ ਰੰਗਾਂ ਵਿਚ ਦੇਖਣ ਨੂੰ ਮਿਲਿਆ ਹੈ ਜਿਥੇ ਕਿਤੇ ਪਹਿਲਾਂ ਲੋਕਾਂ ਵਲੋਂ ਹੋਲੀ ਮਨਾਉਣ ਲਈ ਇਕ ਦੂਜੇ ਦੇ ਲਗਾਉਣ ਲਈ ਪੱਕੇ ਅਤੇ ਸਸਤੇ ਕੈਮੀਕਲ ਰੰਗ ਵਰਤੇ ਜਾਂਦੇ ਸਨ, ਉਨ੍ਹਾਂ ਦੀ ਥਾਂ ਹੁਣ ਆਰਗੈਨਿਕ ਅਤੇ ਹਰਬਲ ਰੰਗਾਂ ਨੇ ਲੈ ਲਈ ਹੈ | ਇਹ ਰੰਗ ਚਮੜੀ 'ਤੇ ਕਿਸੇ ਤਰ੍ਹਾਂ ਦਾ ਬੁਰਾ ਪ੍ਰਭਾਵ ਨਹੀਂ ਪਾਉਂਦੇ ਤੇ ਆਸਾਨੀ ਨਾਲ ਸਾਫ਼ ਕੀਤੇ ਜਾ ਸਕਦੇ ਹਨ | ਲੰਘੇ ਸਾਲਾਂ ਵਿਚ ਜਿਥੇ ਹੋਲੀ ਸਮੇਂ ਗਲੀਆਂ, ਮੁਹੱਲਿਆਂ ਵਿਚ ਪਾਣੀ ਦੀਆਂ ਪਿਚਕਾਰੀਆਂ ਭਰ ਕੇ ਹੋਲੀ ਮਨਾਈ ਜਾਂਦੀ ਸੀ ਉਸ ਦੀ ਥਾਂ ਹੁਣ ਵੱਖ-ਵੱਖ ਥਾਵਾਂ 'ਤੇ ਹੋਣ ਵਾਲੀਆਂ ਹੋਲੀ ਪਾਰਟੀਆਂ ਨੇ ਲੈ ਲਈ ਹੈ ਜਿਥੇ ਲੋਕ ਟਿਕਟਾਂ ਲੈ ਕੇ ਹੋਲੀ ਮਨਾਉਣ ਜਾਂਦੇ ਹਨ | ਪਿਚਕਾਰੀਆਂ ਅਤੇ ਗ਼ੁਬਾਰਿਆਂ ਦੀ ਥਾਂ ਹੁਣ ਬਿਜਲੀ ਨਾਲ ਚੱਲਣ ਵਾਲੇ ਸਪਰੇਅ ਪੰਪ, ਫੋਗ ਗੰਨ ਵਰਗੀਆਂ ਪਿਚਕਾਰੀਆਂ ਮਿਲਣ ਲੱਗ ਗਈਆਂ ਹਨ | ਹੋਲੀ ਸਮੇਂ ਹੁਣ ਪੁਰਾਣੇ ਕੱਪੜਿਆਂ ਦੀ ਥਾਂ ਹੋਲੀ ਦੇ ਤਿਉਹਾਰ ਨਾਲ ਸੰਬੰਧਿਤ ਟੀ-ਸ਼ਰਟਾਂ ਪਾ ਕੇ ਹੋਲੀ ਮਨਾਈ ਜਾਣੀ ਸ਼ੁਰੂ ਹੋ ਚੁੱਕੀ ਹੈ |
ਟੈਕਨਾਲੋਜੀ ਦੇ ਯੁੱਗ ਨੇ ਹੋਲੀ ਮਨਾਉਣ ਦੇ ਅੰਦਾਜ਼ ਬਦਲੇ
ਅਜੀਤ ਡੈਸਕ
04-03-2026