ਸੰਗਰੂਰ, 5 ਮਾਰਚ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਉਪਿੰਦਰ ਸਿੰਘ ਜੰਡੂ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਹੋਰਨਾਂ ਵੱਲੋਂ ਕੀਤੀ ਗਈ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ਤੋਂ ਬਾਅਦ ਨਸ਼ੀਲੀਆਂ ਗੋਲੀਆਂ ਬਰਾਮਦਗੀ ਦੇ ਇੱਕ ਮਾਮਲੇ ਵਿਚੋਂ ਦੋ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪੁਲਿਸ ਥਾਣਾ ਧਰਮਗੜ੍ਹ ਵਿਖੇ 16 ਸਤੰਬਰ 2020 ਨੂੰ ਦਰਜ ਮਾਮਲੇ ਮੁਤਾਬਕ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਕੀਤੀ ਜਾ ਰਹੀ ਗਸ਼ਤ ਦੌਰਾਨ ਗੁਪਤ ਇਤਲਾਹ ਮਿਲੀ ਸੀ ਕਿ ਪ੍ਰਤਾਪ ਸਿੰਘ ਵਾਸੀ ਜੋਲੀਆ ਅਤੇ ਉਸ ਦਾ ਸਾਲਾ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਨਸ਼ੀਲੀਆਂ ਦਵਾਈਆਂ ਵੇਚਦੇ ਫਿਰਦੇ ਹਨ, ਇਸ ਸਮੇਂ ਪਿੰਡ ਜਖੇਪਲ ਵਿੱਚ ਨਸ਼ੀਲੀਆਂ ਗੋਲੀਆਂ ਵੇਚ ਕੇ ਉਹ ਸੁਨਾਮ ਵੱਲ ਨੂੰ ਜਾ ਰਹੇ ਹਨ | ਇਤਲਾਹ ਮਿਲਣ ਤੇ ਪੁਲਿਸ ਪਾਰਟੀ ਨੇ ਸੁਨਾਮ ਤੋਂ ਮਹਿਲਾਂ ਚੌਂਕ ਵੱਲ ਨੂੰ ਜਾ ਰਹੇ ਇੱਕ ਮੋਟਰਸਾਈਕਲ ਦੇ ਬਰਾਬਰ ਆਪਣੀ ਗੱਡੀ ਲਗਾ ਲਈ | ਚੱਲਦੇ ਚੱਲਦੇ ਮੋਟਰਸਾਈਕਲ ਚਾਲਕ ਦੀ ਸ਼ਨਾਖ਼ਤ ਪ੍ਰਤਾਪ ਸਿੰਘ ਵਾਸੀ ਜੋਲੀਆ ਵਜੋਂ ਕੀਤੀ ਗਈ | ਪੁਲਿਸ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕਰਨ ਦੇ ਬਾਵਜੂਦ ਉਹ ਵਿਚਕਾਰ ਰੱਖੇ ਥੈਲੇ ਨੂੰ ਸੜਕ ਪਰ ਸੁੱਟ ਕੇ ਅਤੇ ਮੋਟਰਸਾਈਕਲ ਨੂੰ ਉਥੇ ਹੀ ਛੱਡ ਕੇ ਦੋਨੋਂ ਖੇਤਾਂ ਵਿਚੋਂ ਦੀ ਭੱਜ ਗਏ | ਪੁਲਿਸ ਪਾਰਟੀ ਨੇ ਸੜਕ ਪਾਰ ਸੁੱਟੇ ਟਰਮਾਡੋਲ ਗੋਲੀਆਂ ਦੇ 1000 ਪੱਤੇ (ਕੁੱਲ ਗੋਲੀਆਂ 10000) ਨੂੰ ਕਬਜ਼ੇ ਵਿੱਚ ਲੈ ਕੇ ਫ਼ਰਾਰ ਹੋਏ ਪ੍ਰਤਾਪ ਸਿੰਘ ਵਾਸੀ ਪਿੰਡ ਜੌਲੀਆਂ ਅਤੇ ਉਸਦੇ ਸਾਲੇ ਸੁਖਵਿੰਦਰ ਸਿੰਘ ਵਾਸੀ ਰਾਮਪੁਰਾ ਗੁਜਰਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ | ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਦੋਨਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ |