ਸ਼ੇਰਪੁਰ, 5 ਮਾਰਚ (ਮੇਘ ਰਾਜ ਜੋਸ਼ੀ)-ਪਿੰਡ ਘਨੌਰੀ ਕਲਾਂ ਵਿਚ ਉਸ ਵੇਲੇ ਸਿਆਸੀ ਚਰਚਾ ਤੇਜ਼ ਹੋ ਗਈ ਜਦੋਂ ਵੱਖ-ਵੱਖ ਰਾਜਨੀਤਿਕ ਧੜਿ੍ਹਆਂ ਨਾਲ ਸੰਬੰਧਿਤ ਕਈ ਪ੍ਰਮੁੱਖ ਆਗੂਆਂ ਨੇ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ | ਇਹ ਸ਼ਮੂਲੀਅਤ ਹਲਕਾ ਇੰਚਾਰਜ ਧੂਰੀ ਰਣਜੀਤ ਸਿੰਘ ਕਾਤਰੋਂ ਦੀ ਅਗਵਾਈ ਵਿਚ ਹੋਈ | ਇਸ ਮੌਕੇ ਡਾ. ਕਰਨਵੀਰ ਸਿੰਘ (ਜ਼ਿਲ੍ਹਾ ਮੁੱਖ ਬੁਲਾਰਾ), ਜਗਜੀਤ ਸਿੰਘ (ਸਰਕਲ ਪ੍ਰਧਾਨ) ਅਤੇ ਬੀਬੀ ਬਲਵਿੰਦਰ ਕੌਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਆਗੂਆਂ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ ਅਤੇ ਪਾਰਟੀ ਲਈ ਇਕੱਠੇ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ | ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਧਰਮ ਸਿੰਘ ਜੋਰਾਵਰ ਸਿੰਘ, ਜਰਨੈਲ ਸਿੰਘ, ਗਗਨਦੀਪ ਸਿੰਘ, ਗੁਰਤੇਜ ਸਿੰਘ, ਅੰਮਿ੍ਤ ਸਿੰਘ ਅਤੇ ਗੁਰਮੀਤ ਕੌਰ ਸ਼ਾਮਲ ਹਨ | ਨਵੇਂ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ, ਪੰਜਾਬੀ ਹਿੱਤਾਂ ਦੀ ਰੱਖਿਆ ਅਤੇ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਨਾਲ ਜੁੜੇ ਹਨ | ਇਸ ਦੌਰਾਨ ਬੀਬੀ ਬਲਵਿੰਦਰ ਕੌਰ ਨੂੰ ਐੱਸ.ਸੀ. ਪ੍ਰਧਾਨ (ਇਸਤਰੀ ਵਿੰਗ, ਘਨੌਰੀ ਕਲਾਂ) ਨਿਯੁਕਤ ਕਰਨ ਦਾ ਐਲਾਨ ਵੀ ਕੀਤਾ ਗਿਆ, ਜਿਸ ਨਾਲ ਇਸਤਰੀ ਵਿੰਗ ਨੂੰ ਪਿੰਡ ਪੱਧਰ 'ਤੇ ਹੋਰ ਮਜ਼ਬੂਤੀ ਮਿਲੇਗੀ | ਹਲਕਾ ਇੰਚਾਰਜ ਰਣਜੀਤ ਸਿੰਘ ਰੰਧਾਵਾ ਅਤੇ ਡਾ. ਕਰਨਵੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿੰਡ ਪੱਧਰ 'ਤੇ ਮਿਲ ਰਹੀ ਸਹਿਯੋਗਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕਾਂ ਦਾ ਭਰੋਸਾ ਸ਼੍ਰੋਮਣੀ ਅਕਾਲੀ ਦਲ 'ਤੇ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਨੂੰ ਹੋਰ ਵੱਡਾ ਸਮਰਥਨ ਮਿਲੇਗਾ ਅਤੇ ਸੰਗਠਨਾਤਮਕ ਢਾਂਚਾ ਹੋਰ ਮਜ਼ਬੂਤ ਕੀਤਾ ਜਾਵੇਗਾ | ਇਸ ਮੌਕੇ ਪਿੰਡ ਵਾਸੀਆਂ ਅਤੇ ਵਰਕਰਾਂ ਦੀ ਵੱਡੀ ਗਿਣਤੀ ਹਾਜ਼ਰ ਰਹੀ, ਜਿਸ ਨਾਲ ਸਮਾਗਮ ਦੌਰਾਨ ਪਾਰਟੀ ਪ੍ਰਤੀ ਉਤਸ਼ਾਹ ਸਾਫ਼ ਝਲਕਦਾ ਨਜ਼ਰ ਆਇਆ |