ਸੰਗਰੂਰ, 5 ਮਾਰਚ (ਧੀਰਜ ਪਸ਼ੌਰੀਆ) - ਹੋਮੀ ਭਾਬੇ ਟਾਟਾ ਕੈਂਸਰ ਹਸਪਤਾਲ ਸੰਗਰੂਰ ਵਿਖੇ ਮੋਰਚਰੀ ਨਾ ਹੋਣ ਦੇ ਚੱਲਦਿਆਂ ਦਾਖਲ ਮਰੀਜ਼ ਦੀ ਵੇਲੇ ਕਵੇਲੇ ਮੌਤ ਹੋ ਜਾਣ ਦੀ ਸੂਰਤ ਵਿੱਚ ਵਾਰਿਸਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਹ ਪ੍ਰਗਟਾਵਾ ਕਰਦਿਆਂ ਐਡਵੋਕੇਟ ਲਲਿਤ ਗਰਗ ਨੇ ਕਿਹਾ ਹੈ ਕਿ ਜਦੋਂ ਕੈਂਸਰ ਤੋਂ ਪੀੜਤ ਕਿਸੇ ਦਾਖਲ ਮਰੀਜ਼ ਦੀ ਵੇਲੇ ਕੁਵੇਲੇ ਮੌਤ ਹੋ ਜਾਂਦੀ ਹੈ ਤਾਂ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਵਾਰਿਸਾਂ 'ਤੇ ਮਿ੍ਤਕ ਦੀ ਲਾਸ਼ ਨੂੰ ਉੱਥੋਂ ਜਲਦੀ ਲੈ ਕੇ ਜਾਣ ਲਈ ਦਬਾਅ ਬਣਾਇਆ ਜਾਂਦਾ ਹੈ | ਅਜਿਹੀਆਂ ਸਥਿਤੀਆਂ ਵਿੱਚ ਮਿ੍ਤਕ ਦੇ ਵਾਰਿਸਾਂ ਵੱਲੋਂ ਇਹ ਕਰ ਪਾਉਣਾ ਸੰਭਵ ਨਹੀਂ ਹੁੰਦਾ ਜਿਸ ਦੇ ਚੱਲਦਿਆਂ ਆਪਣੇ ਪਰਿਵਾਰ ਦਾ ਮੈਂਬਰ ਗਵਾ ਚੁੱਕੇ ਵਾਰਿਸਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਤਾਜ਼ਾ ਉਦਾਹਰਨ ਦੰਦਿਆਂ ਐਡਵੋਕੇਟ ਲਲਿਤ ਗਰਗ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਜੋ ਇਸ ਹਸਪਤਾਲ ਵਿੱਚ ਦਾਖ਼ਲ ਸੀ, ਦੀ ਮੌਤ ਹੋ ਗਈ | ਕੈਂਸਰ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਲਾਸ਼ ਨੂੰ ਉੱਥੋਂ ਲਿਜਾਣ ਲਈ ਵਾਰਿਸਾਂ 'ਤੇ ਦਬਾਅ ਪਾਇਆ ਗਿਆ | ਉਨ੍ਹਾਂ ਕੋਲ ਉਸ ਸਮੇਂ ਲਾਸ਼ ਨੂੰ ਲੈ ਕੇ ਜਾਣ ਦਾ ਕੋਈ ਚਾਰਾ ਨਹੀਂ ਸੀ | ਉਨ੍ਹਾਂ ਕਿਸੇ ਤਰੀਕੇ ਸਿਵਲ ਹਸਪਤਾਲ ਸੰਗਰੂਰ ਦੇ ਅਧਿਕਾਰੀਆਂ ਤੱਕ ਪਹੁੰਚ ਕਰ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਲਾਸ਼ ਨੂੰ ਰੱਖੇ ਜਾਣ ਦਾ ਪ੍ਰਬੰਧ ਕਰਵਾਇਆ | ਐਡਵੋਕੇਟ ਲਲਿਤ ਗਰਗ ਨੇ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਕੈਂਸਰ ਹਸਪਤਾਲ ਵਿੱਚ ਤੁਰੰਤ ਮੋਰਚਰੀ ਦਾ ਪ੍ਰਬੰਧ ਕੀਤਾ ਜਾਵੇ |