ਸੰਗਰੂਰ, 10 ਮਾਰਚ (ਅਮਨਦੀਪ ਸਿੰਘ ਬਿੱਟਾ) - ਬੀਤੀ ਰਾਤ ਤਕਰੀਬਨ 11 ਵਜੇ ਸੰਗਰੂਰ ਸੁਨਾਮ ਸੜਕ ਉੱਤੇ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ ਦੂਜੇ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ.ਐੱਚ.ਓ. ਸਦਰ ਇੰਸਪੈਕਟਰ ਜਸਵਿੰਦਰ ਕੌਰ ਢੀਂਡਸਾ ਨੇ ਦੱਸਿਆ ਕਿ ਇਹ ਹਾਦਸਾ ਟਰਾਲੇ ਅਤੇ ਟਰੱਕ ਦੀ ਆਹਮਣੇ ਸਾਹਮਣੇ ਹੋਈ ਟੱਕਰ ਦੌਰਾਨ ਵਾਪਰਿਆਂ ਹੈ | ਉਨ੍ਹਾਂ ਦੱਸਿਆ ਕਿ ਟਰੱਕ ਜੋ ਕਿ ਸੁਨਾਮ ਤੋਂ ਸੰਗਰੂਰ ਵੱਲ ਆ ਰਿਹਾ ਸੀ ਵਿਚ ਮੈਦੇ ਦੀ ਬੋਰੀਆਂ ਲੱਦੀਆਂ ਹੋਈਆਂ ਸਨ ਜਦ ਕਿ ਟਰਾਲੇ ਵਿਚ ਆਲੂ ਲੱਦਿਆ ਹੋਇਆ ਸੀ | ਇਸ ਹਾਦਸੇ ਵਿਚ ਟਰੱਕ ਡਰਾਇਵਰ ਫੂਲਾ ਸਿੰਘ ਵਾਸੀ ਸੁਨਾਮ ਦੀ ਮੌਤ ਹੋ ਗਈ ਹੈ, ਜਦ ਕਿ ਟਰਾਲੇ ਦਾ ਡਰਾਇਵਰ ਹਾਦਸੇ ਦੌਰਾਨ ਫੱਟੜ ਹੋ ਗਿਆ ਹੈ | ਦੋਵਾਂ ਵਹੀਕਲਾਂ ਦੀ ਟੱਕਰ ਇੰਨੀ ਭਿਆਨਕ ਅਤੇ ਜ਼ਬਰਦਸਤ ਸੀ ਕਿ ਟਰਾਲਾ ਪੂਰੀ ਤਰ੍ਹਾਂ ਟੇਢਾ ਹੋ ਗਿਆ ਸੀ ਅਤੇ ਟਰੱਕ ਦਾ ਕੈਬਿਨ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ ਹੈ | ਮੈਦੇ ਅਤੇ ਆਲੂ ਦੀਆਂ ਬੋਰੀਆਂ ਸੜਕ ਉੱਤੇ ਖਿੰਡੀਆਂ ਪਈਆ ਸਨ | ਐਸ.ਐੱਚ.ਓ. ਇੰਸਪੈਕਟਰ ਜਸਵਿੰਦਰ ਕੌਰ ਢੀਂਡਸਾ ਨੇ ਦੱਸਿਆ ਕਿ ਇਸ ਸੰਬੰਧੀ ਪੁਲਿਸ ਵਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |