ਅਹਿਮਦਗੜ੍ਹ, 10 ਮਾਰਚ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਵਲੋਂ ਉੱਘੇ ਸਿੱਖ ਵਿਦਵਾਨ ਅਤੇ ਸੰਸਥਾ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ (ਜੰਡਾਲੀ ਵਾਲ਼ੇ) ਦੀ ਰਹਿਨੁਮਾਈ ਹੇਠ 15 ਭਗਤਾਂ ਦੀ ਯਾਦ ਤੇ ਖ਼ਾਲਸਾ ਪੰਥ ਦੇ ਸਾਜਣਾ ਦਿਵਸ (ਵਿਸਾਖੀ) ਨੂੰ ਸਮਰਪਿਤ 21ਵਾਂ ਸਾਲਾਨਾ ਗੁਰਮਤਿ ਸਮਾਗਮ 30 ਮਾਰਚ ਤੋਂ 4 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ | ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਗਿਆਨੀ ਗਗਨਦੀਪ ਸਿੰਘ ਨਿਰਮਲੇ (ਜੰਡਾਲੀ ਵਾਲ਼ੇ) ਨੇ ਦੱਸਿਆ ਕਿ ਇਹ ਸਾਲਾਨਾ ਸਮਾਗਮ ਨਗਰ ਪੰਚਾਇਤ, ਐਨਆਰਆਈ ਤੇ ਇਲਾਕੇ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ | ਇਨ੍ਹਾਂ ਸਾਲਾਨਾ ਸਮਾਗਮਾਂ ਦੌਰਾਨ 30 ਮਾਰਚ ਤੋਂ 4 ਅਪ੍ਰੈਲ ਤੱਕ ਰੋਜ਼ਾਨਾ ਸ਼ਾਮ ਨੂੰ 7 ਵਜੇ ਤੋਂ 8 ਵਜੇ ਤੱਕ ਕਥਾ ਕੀਰਤਨ ਪ੍ਰਵਾਹ ਹੋਵੇਗਾ | 4 ਅਪ੍ਰੈਲ ਦਿਨ ਸਨਿੱਚਰਵਾਰ ਨੂੰ ਸਵੇਰੇ 7 ਵਜੇ ਮਹਾਨ ਅੰਮਿ੍ਤ ਸੰਚਾਰ ਹੋਵੇਗਾ ਜਿਸ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰੇ ਸਾਹਿਬਾਨ ਦਾ ਜੱਥਾ ਖੰਡੇ ਬਾਟੇ ਦੀ ਪਾਹੁਲ ਛਕਾਉਣ ਵਾਸਤੇ ਪਹੁੰਚੇਗਾ | ਉਨ੍ਹਾਂ ਕਿਹਾ ਅੰਮਿ੍ਤ ਅਭਿਲਾਖੀ ਸਵੇਰੇ 7 ਵਜੇ ਕੇਸੀ ਇਸ਼ਨਾਨ ਕਰ ਕੇ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ (ਅਹਿਮਦਗੜ੍ਹ) ਵਿਖੇ ਪਹੁੰਚਣ | 5 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਇਸ ਮੌਕੇ ਕਥਾ ਵਿਚਾਰਾਂ ਤੇ ਸ਼ਬਦ ਕੀਰਤਨ ਹੋਵੇਗਾ | ਉਪਰੰਤ ਇਸ ਦਿਨ ਹੀ ਸਵੇਰੇ 10 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਜਿਸ 'ਚ ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਸ਼, ਪੰਥ ਦੇ ਮਹਾਨ ਰਾਗੀ ਢਾਡੀ ਤੇ ਕਵੀਸ਼ਰੀ ਜੱਥੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ | ਉਨ੍ਹਾਂ ਸੰਗਤਾਂ ਨੂੰ ਵਧ ਚੜ੍ਹ ਕੇ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ |