ਸ਼ੇਰਪੁਰ, 10 ਮਾਰਚ (ਦਰਸ਼ਨ ਸਿੰਘ ਖੇੜੀ) - ਪੰਜਾਬ ਸਰਕਾਰ ਦੇ ਬਜਟ ਨੇ ਹਰ ਵਰਗ ਦੀਆਂ ਆਸਾਂ ਤੇ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ | ਜਿੱਥੇ ਇਸ ਬਜਟ ਕਾਰਨ ਹੋਰਨਾਂ ਵਰਗਾਂ ਵਿਚ ਨਿਰਾਸ਼ਤਾ ਦੀ ਝਲਕ ਪਾਈ ਜਾ ਰਹੀ ਹੈ ਉਥੇ ਹੀ ਇਸ ਬਜਟ ਨੇ ਸਮੁੱਚੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਬੇਰੁਜ਼ਗਾਰ ਵਰਗ ਨੂੰ ਵੀ ਬੇਚੈਨੀ ਅਤੇ ਨਿਰਾਸ਼ਤਾ ਦੇ ਆਲਮ ਵਿਚ ਧੱਕ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੁਲਜ਼ਮ ਸਰਕਾਰ ਦੀ ਰੀਡ ਦੀ ਹੱਡੀ ਦੇ ਰੂਪ ਵਿਚ ਸਰਕਾਰੀ ਤੰਤਰ 'ਚ ਕੰਮ ਕਰਦੇ ਹਨ ਪਰੰਤੂ ਸਰਕਾਰ ਨੇ ਡੀ.ਏ ਦੀਆਂ ਕਿਸ਼ਤਾਂ ਨਾ ਦੇ ਕੇ ਅਤੇ ਪੇ ਕਮਿਸ਼ਨ ਬਾਰੇ ਧਾਰੀ ਚੁੱਪ ਨੇ ਮੁਲਾਜ਼ਮ ਵਰਗ ਨਾਲ ਬੇਇਨਸਾਫ਼ੀ ਕੀਤੀ ਹੈ | ਉਨ ੍ਹਾਂ ਕਿਹਾ ਕਿ ਇਸ ਬਜਟ ਵਿਚ ਲੱਖਾਂ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ | ਹਜ਼ਾਰਾਂ ਕੱਚੇ ਮੁਲਾਜ਼ਮ ਅਸਲ ਅਰਥਾਂ ਵਿੱਚ ਪੱਕੇ ਨਹੀਂ ਕੀਤੇ | ਆਪ ਸਰਕਾਰ ਵਲੋਂ ਨੌਕਰੀ ਲਈ ਕੱਢੇ ਇਸ਼ਤਿਹਾਰਾਂ 'ਤੇ ਕੋਈ ਅਮਲ ਹੀ ਨਹੀਂ ਕੀਤਾ, ਸਗੋਂ ਪਹਿਲਾਂ ਕੱਢੇ ਇਸ਼ਤਿਹਾਰ ਵੀ ਰੱਦ ਕੀਤੇ ਗਏ | ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਵਿਚ ਬੇਰੁਜ਼ਗਾਰੀ 'ਚ ਬੇਤਹਾਸ਼ਾ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਸਮੁੱਚੀਆਂ ਧਿਰਾਂ ਭਗਵੰਤ ਮਾਨ ਸਰਕਾਰ ਨੂੰ 2027 'ਚ ਸਬਕ ਸਿਖਾਉਣਗੇ |