ਦਿੜ੍ਹਬਾ ਮੰਡੀ, 10 ਮਾਰਚ (ਹਰਬੰਸ ਸਿੰਘ ਛਾਜਲੀ) - ਪੰਜਾਬ ਭਰ ਦੇ ਬਹੁ ਗਿਣਤੀ ਅਧਿਆਪਕਾਂ ਨੂੰ ਫਰਵਰੀ ਮਹੀਨੇ ਦੀ ਤਨਖ਼ਾਹ ਨਾ ਮਿਲਣ ਸਬੰਧੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਵਫ਼ਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿੜ੍ਹਬਾ ਸਥਿਤ ਦਫ਼ਤਰ ਇੰਚਾਰਜ ਰਣਜੀਤ ਸਿੰਘ ਨੂੰ ਮਿਲਿਆ | ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਨੇ ਦੱਸਿਆ ਕਿ ਮੰਗ ਪੱਤਰ ਸੌਂਪ ਕੇ ਜਥੇਬੰਦੀ ਵਲੋਂ ਚਿਤਾਵਨੀ ਦਿੱਤੀ ਗਈ ਕਿ ਤਨਖ਼ਾਹਾਂ ਜਲਦੀ ਨਾ ਮਿਲਣ ਦੀ ਸੂਰਤ ਵਿੱਚ ਅਧਿਆਪਕ ਜਥੇਬੰਦੀ ਦੀ ਅਗਵਾਈ 'ਚ ਵਿੱਤ ਮੰਤਰੀ ਦੇ ਦਿੜ੍ਹਬਾ ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ਜਾਵੇਗਾ | ਮੰਗ ਪੱਤਰ ਰਾਹੀਂ ਵਿੱਤ ਮੰਤਰੀ ਦੇ ਧਿਆਨ 'ਚ ਲਿਆਂਦਾ ਗਿਆ ਕਿ ਤਨਖ਼ਾਹਾਂ ਨਾ ਮਿਲਣ ਕਾਰਨ ਅਧਿਆਪਕਾਂ ਨੂੰ ਗੰਭੀਰ ਵਿੱਤੀ ਮੁਸ਼ਕਲਾਂ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੀਆਂ ਹੋਮ ਲੋਨ ਵਗ਼ੈਰਾ ਦੀਆਂ ਕਿਸ਼ਤਾਂ ਟੁੱਟ ਚੁੱਕੀਆਂ ਹਨ ਤੇ ਜੁਰਮਾਨੇ ਪੈ ਚੁੱਕੇ ਹਨ | ਜਿਸ ਕਰਕੇ ਸਰਕਾਰ ਪ੍ਰਤੀ ਭਾਰੀ ਰੋਸ ਹੈ | ਪਿਛਲੇ ਇੱਕ ਸਾਲ ਤੋਂ ਸਰਕਾਰ ਦੇ ਆਦੇਸ਼ ਤਹਿਤ ਖ਼ਜ਼ਾਨਾ ਦਫ਼ਤਰਾਂ ਵਿੱਚ ਇੱਕ ਮੁਲਾਜ਼ਮ ਵਿਰੋਧੀ ਰਿਵਾਇਤ ਸਥਾਪਿਤ ਕੀਤੀ ਗਈ ਹੈ | ਜਿਸ ਤਹਿਤ ਮਹੀਨੇ ਦੀ 1 ਤਾਰੀਖ਼ ਤੱਕ ਖ਼ਜ਼ਾਨਾ ਦਫ਼ਤਰ ਪਹੁੰਚ ਜਾਣ ਵਾਲੇ ਤਨਖ਼ਾਹ ਬਿਲਾਂ ਦਾ ਭੁਗਤਾਨ ਤਾਂ 1 ਤਾਰੀਖ਼ ਨੂੰ ਕਰ ਦਿੱਤਾ ਜਾਂਦਾ ਹੈ ਪ੍ਰੰਤੂ ਇਸ ਤੋਂ ਬਾਅਦ ਪਹੁੰਚਣ ਵਾਲੇ ਬਿੱਲਾਂ ਦੇ ਭੁਗਤਾਨ ਨੂੰ ਬਿਨਾਂ ਕਿਸੇ ਲਿਖਤੀ ਆਦੇਸ਼ ਦੇ ਵਿੱਤ ਵਿਭਾਗ ਦੇ ਅਧਿਕਾਰੀਆਂ ਦੇ ਜ਼ੁਬਾਨੀ ਹੁਕਮਾਂ ਤਹਿਤ ਲੰਮੇ ਸਮੇਂ ਲਈ ਰੋਕ ਲਿਆ ਜਾਂਦਾ ਹੈ | ਜਿਸ ਕਾਰਨ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਦੇਰੀ ਹੁੰਦੀ ਹੈ | ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਦੇ ਸ਼ਾਸਨ ਵਿੱਚ ਅਧਿਆਪਕਾਂ ਨੂੰ ਮਹੀਨਾਵਾਰ ਤਨਖ਼ਾਹਾਂ ਲੈਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ | ਅਜਿਹੀ ਹਾਲਤ ਵਿੱਚ ਅਖੌਤੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੋਈ ਅਰਥ ਨਹੀਂ ਹੈ | ਵਫ਼ਦ ਵਿੱਚ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਪ੍ਰੈੱਸ ਸਕੱਤਰ ਜਸਬੀਰ ਨਮੋਲ, ਬਲਾਕ ਆਗੂ ਰਾਜਵੀਰ ਨਾਗਰਾ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਪਸ਼ੌਰ, ਸਰਬਜੀਤ ਸਿੰਘ ਕਿਸ਼ਨਗੜ, ਜਗਦੀਪ ਸਿੰਘ, ਰੇਸ਼ਮ ਪਾਲ, ਜਸਪਾਲ ਸਿੰਘ, ਜਸਵੀਰ ਸਿੰਘ, ਰਾਮ ਸਿੰਘ, ਕਰਨੈਲ ਸ਼ਾਸਤਰੀ, ਸੁਨੀਲ ਕੁਮਾਰ ਸ਼ਾਮਿਲ ਸਨ |