ਸੰਗਰੂਰ, 10 ਮਾਰਚ (ਧੀਰਜ ਪਸ਼ੋਰੀਆ) - ਪੰਜਾਬ ਦੇ ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਦੀਆਂ ਮਾਵਾਂ ਭੈਣਾਂ ਬਾਰੇ ਕੀਤੀ ਟਿੱਪਣੀ ਨੂੰ ਕਰੜੇ ਹੱਥੀ ਲੈਂਦਿਆਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਹੈ ਕਿ ਇਹ ਖਹਿਰਾ ਦੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਹੈ ਜਿਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਬੱਚੇ ਦੇ ਜਨਮ ਮੌਕੇ ਲੋਹੜੀ ਤੇ ਪਿੰਡਾਂ ਦੀਆਂ ਧੀਆਂ ਭੈਣਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਪਿੰਡਾਂ ਦੀਆਂ ਧੀਆਂ ਨੂੰ ਸ਼ਗਨ ਦਿੱਤਾ ਜਾਂਦਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਰੀਆਂ ਗਰੰਟੀਆਂ ਨੂੰ ਪੂਰੀਆਂ ਕੀਤੇ ਜਾਣ ਤੇ ਸੁਖਪਾਲ ਸਿੰਘ ਖਹਿਰਾ ਆਪਣਾ ਦਿਮਾਗ਼ੀ ਸੰਤੁਲਨ ਖੋ ਚੁੱਕੇ ਹਨ ਅਤੇ ਉਹ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਕੁੱਖਾਂ 'ਤੇ ਹੀ ਟਿੱਪਣੀਆਂ ਕਰਨ ਲੱਗ ਪਏ ਹਨ | ਸੁਖਪਾਲ ਖਹਿਰਾ ਸ਼ਾਇਦ ਨਹੀਂ ਜਾਣਦੇ ਕਿ ਪੰਜਾਬ ਦੀਆਂ ਬੀਬੀਆਂ ਜੰਗਾਂ ਵਿੱਚ ਮਾਈ ਭਾਗੋ ਵਾਂਗੂ ਮੂਹਰਲੀ ਕਤਾਰ ਵਿੱਚ ਪਹੁੰਚ ਕੇ ਆਪਣੇ ਵੀਰਾਂ ਦਾ ਸਾਥ ਦਿੰਦੀਆਂ ਹਨ | ਪੰਜਾਬ ਦੀਆਂ ਬੀਬੀਆਂ ਪੰਜਾਬ ਦੀ ਸ਼ਾਨ ਹਨ ਅਤੇ ਸੂਰਮਿਆਂ ਦੀ ਖ਼ਾਨ ਹਨ | ਵਿਧਾਇਕਾ ਭਰਾਜ ਨੇ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ |