ਛਾਜਲੀ, 10 ਮਾਰਚ (ਅਜਾਇਬ ਸਿੰਘ ਨੀਲੋਵਾਲ) - ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਡਿਜੀਟਲ ਇਨੀਸ਼ੀਏਟਿਵ ਤਹਿਤ ਸਕੂਲ ਆਫ਼ ਐਮੀਨੈਂਸ ਛਾਜਲੀ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ 17 ਨਵੇਂ ਕੰਪਿਊਟਰ ਅਤੇ 4 ਇੰਟਰ ਐਕਟਿਵ ਫਲੈਟ ਪੈਨਲ ਲਗਾਏ ਗਏ ਹਨ | ਇਸ ਮੌਕੇ ਸਕੂਲ ਵਿਚ ਇਨ੍ਹਾਂ ਸਹੂਲਤਾਂ ਦੇ ਇੰਸਟਾਲੇਸ਼ਨ ਦੀ ਸੈਲੀਬਰੇਸ਼ਨ ਅਤੇ ਉਦਘਾਟਨ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਡਿਜੀਟਲ ਸਹੂਲਤਾਂ ਨਾਲ ਜੋੜਨ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਗੁਣਵੱਤਾ ਭਰਪੂਰ ਸਿੱਖਿਆ ਦੇਣਾ ਹੈ | ਉਨ੍ਹਾਂ ਕਿਹਾ ਕਿ ਨਵੇਂ ਕੰਪਿਊਟਰਾਂ ਅਤੇ ਇੰਟਰ ਐਕਟਿਵ ਪੈਨਲਾਂ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਹੋਰ ਵੀ ਰੁਚਿਕਰ ਅਤੇ ਤਕਨੀਕੀ ਤੌਰ 'ਤੇ ਮਜ਼ਬੂਤ ਹੋਵੇਗੀ | ਇਸ ਮੌਕੇ ਬਲਾਕ ਛਾਜਲੀ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬੀਓ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਸਕੂਲ ਵਿੱਚ ਮੁਹੱਈਆ ਕਰਵਾਈਆਂ ਗਈਆਂ ਨਵੀਆਂ ਸਹੂਲਤਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਪਹਿਲਕਦਮੀਆਂ ਨਾਲ ਪਿੰਡਾਂ ਦੇ ਬੱਚਿਆਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲ ਰਹੀਆਂ ਹਨ | ਲੈਕਚਰਾਰ ਦਰਸ਼ਨ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਦਾ ਪੂਰਾ ਲਾਭ ਚੁੱਕਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਪੰਚ ਗੁਰਬਿਆਸ ਸਿੰਘ ਛਾਜਲੀ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਜੱਗਾ, ਹਰਿੰਦਰਜੀਤ ਸਿੰਘ, ਡਾ. ਜਗਰਾਜ ਸਿੰਘ, ਖ਼ੁਸ਼ੀ ਮੈਂਬਰ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |