ਮਲੇਰਕੋਟਲਾ, 12 ਮਾਰਚ (ਮੁਹੰਮਦ ਹਨੀਫ਼ ਥਿੰਦ) - ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਨੇ ਅੱਜ ਪ੍ਰੈੱਸ ਕਾਨਫ਼ਰੰਸ ਹਾਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸ਼ਰਨਜੀਤ ਸਿੰਘ ਸੰਧੂ ਕਪਤਾਨ ਪੁਲਿਸ (ਸਥਾਨਕ) ਮਲੇਰਕੋਟਲਾ ਦੀ ਅਗਵਾਈ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ਼ ਮਾਹੋਰਾਣਾ ਅਤੇ ਇੰਸਪੈਕਟਰ ਮਨਜੋਤ ਸਿੰਘ ਮੁੱਖ ਅਫ਼ਸਰ ਥਾਣਾ ਸਾਈਬਰ ਕ੍ਰਾਈਮ ਦੀਆਂ ਟੀਮਾਂ ਦਾ ਗਠਨ ਕਰਕੇ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਾਈਬਰ ਕ੍ਰਾਈਮ ਮਲੇਰਕੋਟਲਾ ਵਿਖੇ ਮੁਖ਼ਬਰੀ ਦੇ ਆਧਾਰ 'ਤੇ ਮੁਕੱਦਮਾ ਥਾਣਾ ਸਾਈਬਰ ਕ੍ਰਾਈਮ ਮਲੇਰਕੋਟਲਾ ਵਿਖੇ ਦਰਜ ਕੀਤਾ ਗਿਆ ਸੀ | ਜ਼ਿਲ੍ਹਾ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਨੇ ਦਾਅਵਾ ਕਰਦਿਆਂ ਕਿਹਾ ਕਿ ਜਿਸ ਵਿਚ ਦੋਸ਼ੀ ਫਰਹਾਨ ਅੰਜੁਮ ਪੁੱਤਰ ਇਰਫਾਨ ਅੰਜੁਮ ਵਾਸੀ ਮੁਹੱਲਾ ਲੁਹਾਰਾਂ ਮਲੇਰ ਨੇੜੇ ਮੋਤੀ ਬਾਜ਼ਾਰ ਮਲੇਰਕੋਟਲਾ ਵਲੋਂ ਸੋਸ਼ਲ ਮੀਡੀਆ (ਫੇਸਬੁੱਕ/ ਇੰਸਟਾਗ੍ਰਾਮ/ ਵਟਸਐਪ) ਤੇ ਰੈਡੀਕਲਾਈਜ/ ਕੱਟੜਪੰਥੀ ਵਿਚਾਰਧਾਰਾ ਰਾਹੀਂ ਜਿਹਾਦੀ ਗਤੀਵਿਧੀਆਂ ਵਿਚ ਨੌਜਵਾਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਵਲੋਂ ਸੋਸ਼ਲ ਮੀਡੀਆ ਪਰ ਧਰਮ ਦੇ ਨਾਂਅ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਅਤੇ ਭਾਰਤ ਦੀ ਪ੍ਰਭੂਸਤਾ ਏਕਤਾ ਅਤੇ ਅਖੰਡਤਾ ਲਈ ਖ਼ਤਰਾ ਪੈਦਾ ਕਰਨ ਲਈ ਨੌਜਵਾਨਾਂ ਨੂੰ ਉਕਸਾਉਣ ਅਤੇ ਦੰਗੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਫਰਹਾਨ ਅੰਜੁਮ ਉਕਤ ਵਲੋਂ ਕੁੱਝ ਵਿਅਕਤੀਆਂ ਨੂੰ ਵੀ ਜਾਨੋਂ ਮਾਰਨ ਦੀ ਯੋਜਨਾ ਬਣਾਈ ਗਈ ਸੀ | ਉਨ੍ਹਾਂ ਅੱਗੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਤਕਨੀਕੀ ਸਹਾਇਤਾ ਲੈਂਦੇ ਹੋਏ ਮੁਕੱਦਮਾ ਵਿਚ ਦੋਸ਼ੀ ਫਰਹਾਨ ਅੰਜੁਮ ਪੁੱਤਰ ਇਰਫਾਨ ਅੰਜੁਮ ਨੂੰ 6 ਮਾਰਚ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਦੋਸ਼ੀ ਫਰਹਾਨ ਅੰਜੁਮ ਨੇ ਪੁੱਛਗਿੱਛ ਉਪਰੰਤ ਦੱਸਿਆ ਕਿ ਡਾ. ਇਸਰਾਰ ਅਹਿਮਦ (ਪਾਕਿਸਤਾਨ) ਅਤੇ ਯੂਸਫ ਪਸਰੌਰੀ (ਪਾਕਿਸਤਾਨ) ਦੀਆਂ ਸੋਸ਼ਲ ਮੀਡੀਆ ਪਰ ਵੀਡੀਓ ਦੇਖ ਕੇ ਪ੍ਰਭਾਵਿਤ ਹੋਇਆ ਅਤੇ ਜਿਹਾਦ ਕਰਨ ਦਾ ਮਨ ਬਣਾ ਲਿਆ ਅਤੇ ਜਿਸ ਨੇ ਕੁੱਝ ਵਿਅਕਤੀਆਂ ਨੂੰ ਮਾਰਨ ਦੀ ਯੋਜਨਾ ਬਣਾਈ ਅਤੇ ਆਪਣੇ ਨਾਲ ਅਦਨਾਨ ਖ਼ਾਨ ਉਰਫ਼ ਨੱਨੂ ਅਤੇ ਵਾਰਿਸ ਅਲੀ ਨਾਲ ਸ਼ਾਮਿਲ ਕਰ ਲਿਆ ਅਤੇ ਇਹ ਕੰਮ ਕਰਨ ਲਈ ਦੋਸ਼ੀ ਉਕਤਾਨ ਨੂੰ ਦੁਬਈ ਤੋਂ ਪੈਸੇ ਦੀ ਫੰਡਿੰਗ (2500 ਰੁਪਏ) ਹੋਈ ਹੈ | ਮੁਕੱਦਮਾ ਵਿਚ ਅਦਨਾਨ ਖ਼ਾਨ ਉਰਫ਼ ਨੱਨੂ ਪੁੱਤਰ ਲੇਟ ਫਿਰੋਜ਼ ਆਲਮ ਖ਼ਾਨ ਵਾਸੀ ਮੁਹੱਲਾ ਸ਼ੇਖਾਂ ਵਾਲਾ ਮਲੇਰਕੋਟਲਾ ਅਤੇ ਵਾਰਿਸ ਅਲੀ ਪੁੱਤਰ ਨਜ਼ੀਰ ਮੁਹੰਮਦ ਵਾਸੀ ਪਿੰਡ ਬਾਦਸ਼ਾਹਪੁਰ (ਮੰਡਿਆਲਾ) ਨੂੰ ਮੁਕੱਦਮਾ ਹਜਾ ਵਿਚ ਬਤੌਰ ਦੋਸ਼ੀ ਨਾਮਜ਼ਦ ਕਰਕੇ 9 ਮਾਰਚ ਅਤੇ 10 ਮਾਰਚ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਦੌਰਾਨੇ ਤਫ਼ਤੀਸ਼ ਦੋਸ਼ੀ ਵਾਰਿਸ਼ ਅਲੀ ਉਕਤ ਪਾਸੋਂ ਇੱਕ 32 ਬੋਰ ਦੇਸੀ ਪਿਸਤੌਲ ਸਮੇਤ 3 ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ ਅਤੇ ਮੁਕੱਦਮਾ ਵਿਚ 4 ਮੋਬਾਈਲ ਫ਼ੋਨ ਕਬਜ਼ੇ ਵਿਚ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਮੋਬਾਈਲ ਫੋਨਾਂ ਦੀ ਗਹਿਰਾਈ ਨਾਲ ਤਕਨੀਕੀ ਜਾਂਚ ਕੀਤੀ ਜਾ ਰਹੀ ਅਤੇ ਦੌਰਾਨੇ ਤਫ਼ਤੀਸ਼ ਹੋਰ ਵੀ ਅਹਿਮ ਤੱਥ ਉੱਭਰ ਕੇ ਸਾਹਮਣੇ ਆ ਸਕਦੇ ਹਨ |