24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅਮਰੀਕਾ-ਈਰਾਨ ਜੰਗ ਨੂੰ ਲੈ ਕੇ ਸੰਗਰੂਰ ਅੰਦਰ ਗੈਸ, ਡੀਜ਼ਲ ਅਤੇ ਪੈਟਰੋਲ ਦੀ ਘਾਟ ਸੰਬੰਧੀ ਅਫ਼ਵਾਹਾਂ ਦਾ ਬਾਜ਼ਾਰ ਗਰਮ <br/>

Ad Position 21
No active advertisement
ਅਜੀਤ ਡੈਸਕ 13-03-2026
ਸੰਗਰੂਰ, 12 ਮਾਰਚ (ਦਮਨਜੀਤ ਸਿੰਘ) - ਅਮਰੀਕਾ-ਇਜਰਾਇਲ ਅਤੇ ਇਰਾਨ ਵਿਚਾਲੇ ਜੰਗ ਕਾਰਨ ਪੈਦਾ ਹੋਏ ਤਣਾਅ ਦੇ ਚੱਲਦਿਆਂ ਸੰਗਰੂਰ ਜ਼ਿਲ੍ਹੇ ਅੰਦਰ ਵੀ ਐਲ.ਪੀ. ਜੀ ਗੈਸ ਅਤੇ ਡੀਜਲ-ਪੈਟਰੋਲ ਦੀ ਘਾਟ ਹੋਣ ਦੀਆਂ ਅਫ਼ਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਨਾਲ ਗਰਮ ਹੋ ਚੁੱਕਾ ਹੈ ਅਤੇ ਇਨ੍ਹਾਂ ਲੋੜੀਂਦੀਆਂ ਚੀਜ਼ਾਂ ਦੀ ਘਾਟ ਤੋਂ ਚਿੰਤਤ ਲੋਕਾਂ ਵਲੋਂ ਗੈਸ ਏਜੰਸੀਆਂ ਦੇ ਨਾਲ ਨਾਲ ਪੈਟਰੋਲ ਪੰਪਾਂ ਉੱਤੇ ਲੰਬੀਆਂ ਕਤਾਰਾਂ ਲਗਾ ਲਈਆਂ ਹਨ ਜਦ ਕਿ ਫੂਡ ਅਤੇ ਸਿਵਲ ਸਪਲਾਈ ਵਿਭਾਗ ਐਲ.ਪੀ.ਜੀ ਗੈਸ ਅਤੇ ਡੀਜਲ-ਪੈਟਰੋਲ ਦੀ ਕੋਈ ਘਾਟ ਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਸਰਕਾਰੀ ਅੰਕੜਿਆਂ ਮੁਤਾਬਿਕ ਜ਼ਿਲ੍ਹਾ ਸੰਗਰੂਰ ਅੰਦਰ 4 ਲੱਖ ਐਲ.ਪੀ.ਜੀ ਗੈਸ ਸੈਲੰਡਰ ਉਪਭੋਗਤਾ ਹਨ ਜਿਨ੍ਹਾਂ ਲਈ 26 ਗੈਸ ਏਜੰਸੀਆਂ ਅਤੇ 210 ਦੇ ਕਰੀਬ ਪੈਟਰੋਲ ਪੰਪ ਹਨ | ਜੰਗ ਦੇ ਮਾਹੌਲ ਦੌਰਾਨ ਗੈਸ, ਪੈਟਰੋਲ ਅਤੇ ਡੀਜ਼ਲ ਆਦਿ ਦੀ ਘਾਟ ਹੋ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ ਕਾਰਨ ਹਰੇਕ ਗੈਸ ਏਜੰਸੀ ਅਤੇ ਪੈਟਰੋਲ ਪੰਪ ਉੱਤੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਦਿਖ ਰਹੀਆਂ ਹਨ ਅਤੇ ਲੋਕ ਆਪਣੀ ਰੋਜ਼ਾਨਾ ਦੀ ਲੋੜ ਨਾਲੋਂ ਕਿਤੇ ਵੱਧ ਗੈਸ, ਡੀਜ਼ਲ ਅਤੇ ਪੈਟਰੋਲ ਦੀ ਜਮ੍ਹਾਖੋਰੀ ਕਰਨ ਵਿਚ ਲੱਗੇ ਹੋਏ ਹਨ | ਘਰੇਲੂ ਗੈਸ ਤੋਂ ਇਲਾਵਾ ਕਮਰਸ਼ੀਅਲ ਗੈਸ ਸੈਲੰਡਰਾਂ ਦੀ ਵੀ ਘਾਟ ਹੋਣ ਦੀਆਂ ਚਰਚਾਵਾਂ ਨੇ ਹੋਟਲਾਂ, ਢਾਬਿਆਂ, ਹਲਵਾਈਆਂ ਅਤੇ ਖਾਣ-ਪੀਣ ਦਾ ਸਾਮਾਨ ਵੇਚਣ ਨਾਲ ਸਬੰਧਤ ਹੋਰਨਾਂ ਦੁਕਾਨਦਾਰਾਂ ਦੀਆਂ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ ਅਤੇ ਇਹ ਲੋਕ ਵੀ ਆਉਂਦੇ ਦਿਨਾਂ ਵਿਚ ਆਪਣੇ ਰੁਜ਼ਗਾਰ ਚਲਦਾ ਰੱਖਣ ਲਈ ਕਮਰਸ਼ੀਅਲ ਗੈਸ ਦਾ ਭੰਡਾਰਨ ਕਰਨ ਵਿਚ ਲੱਗੇ ਹੋਏ ਹਨ | ਗੈਸ ਏਜੰਸੀਆਂ ਨਾਲ ਸਬੰਧਤ ਮੁਲਾਜ਼ਮਾਂ ਦੀ ਮੰਨੀਏ ਤਾਂ ਉਨ੍ਹਾਂ ਦੀਆਂ ਏਜੰਸੀਆਂ ਵਿਚ ਐਲ.ਪੀ.ਜੀ ਗੈਸ ਦੀ ਸਪਲਾਈ ਪਹਿਲਾਂ ਨਾਲੋਂ ਕਰੀਬ ਛੇਵਾਂ ਹਿੱਸਾ ਰਹਿ ਗਈ ਹੈ ਕਿਉਂਕਿ ਜਿਸ ਗੈਸ ਏਜੰਸੀ ਪਾਸ ਪਹਿਲਾਂ ਰੋਜ਼ਾਨਾ 2 ਗੱਡੀਆਂ ਗੈਸ ਸੈਲੰਡਰਾਂ ਦੀਆਂ ਆਉਂਦੀਆਂ ਸਨ ਹੁਣ ਉਨ੍ਹਾਂ ਪਾਸ ਤੀਸਰੇ ਦਿਨ ਮਹਿਜ਼ 1 ਗੱਡੀ ਹੀ ਪਹੁੰਚ ਰਹੀ ਹੈ ਜਿਸ ਕਾਰਨ ਗੈਸ ਦੀ ਸਪਲਾਈ ਸਬੰਧੀ ਆਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਲੋਕ ਗੈਸ, ਡੀਜ਼ਲ ਅਤੇ ਪੈਟਰੋਲ ਦੀ ਜਮ੍ਹਾਖੋਰੀ ਕਰਨਗੇ ਤਾਂ ਪੇਸ਼ ਆ ਸਕਦੀ ਹੈ ਦਿੱਕਤ-ਡੀ.ਐਫ.ਐਸ.ਸੀ. ਕੰਗ
ਸੰਗਰੂਰ, ਫੂਡ ਅਤੇ ਸਿਵਲ ਸਪਲਾਈ ਵਿਭਾਗ ਜ਼ਿਲ੍ਹਾ ਸੰਗਰੂਰ ਦੇ ਮੁਖੀ ਗੁਰਪ੍ਰੀਤ ਸਿੰਘ ਕੰਗ ਨਾਲ ਇਸ ਮਾਮਲੇ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਗੈਸ ਏਜੰਸੀਆਂ ਅਤੇ ਪੈਟਰੋਲ ਪੰਪਾਂ ਦੀ ਸਪਲਾਈ ਉੱਤੇ ਹਰ ਸਮੇਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਿਲ੍ਹੇ ਅੰਦਰ ਹਲੇ ਤੱਕ ਕਿਸੇ ਵੀ ਪ੍ਰਕਾਰ ਦੀ ਕੋਈ ਘਾਟ ਨਹੀਂ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਜ਼ਿਲ੍ਹੇ ਭਰ ਵਿਚ ਇਸ ਮਾਮਲੇ ਉੱਤੇ ਕੰਮ ਕਰ ਰਹੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਸ੍ਰੀ ਕੰਗ ਨੇ ਕਿਹਾ ਕਿ ਗੈਸ, ਡੀਜ਼ਲ ਅਤੇ ਪੈਟਰੋਲ ਨੂੰ ਲੈ ਕੇ ਕੁਝ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਸ ਕਾਰਨ ਲੋਕਾਂ ਵਲੋਂ ਇਨ੍ਹਾਂ ਦੀ ਜਮ੍ਹਾਖੋਰੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਜੇਕਰ ਲੋਕ ਅਜਿਹਾ ਨਾ ਕਰਨ ਤਾਂ ਸਪਲਾਈ ਆਮ ਵਾਂਗ ਹੀ ਚੱਲਦੀ ਰਹੇਗੀ ਅਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਵੇਗੀ | ਉਨ੍ਹਾਂ ਕਿਹਾ ਕਿ ਗੈਸ, ਡੀਜ਼ਲ ਅਤੇ ਪੈਟਰੋਲ ਦੀ ਜਮ੍ਹਾਖੋਰੀ ਜਿੱਥੇ ਇੱਕ ਵੱਡਾ ਕਾਨੂੰਨ ਜੁਰਮ ਹੈ ਉੱਥੇ ਹੀ ਖ਼ਤਰਨਾਕ ਵੀ ਹੈ | ਇਸ ਲਈ ਕੋਈ ਵੀ ਖਪਤਕਾਰ ਆਪਣੀ ਲੋੜ ਤੋਂ ਵੱਧ ਜਮ੍ਹਾਖੋਰੀ ਨਾ ਕਰੇ ਅਤੇ ਜੇਕਰ ਅਜਿਹਾ ਕਰਦਾ ਕੋਈ ਵਿਅਕਤੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਫੂਡ ਸਪਲਾਈ ਵਿਭਾਗ ਨਾਲ ਮਿਲ ਕੇ ਆਰੰਭੀ ਜਾ ਰਹੀ ਹੈ ਚੈਕਿੰਗ ਮੁਹਿੰਮ - ਐਸ.ਡੀ.ਐਮ ਸਤੀਸ਼ ਚੰਦਰ
ਸੰਗਰੂਰ, ਸੰਗਰੂਰ ਦੇ ਐਸ.ਡੀ.ਐਮ. ਸਤੀਸ਼ ਚੰਦਰ ਦਾ ਇਸ ਮਸਲੇ ਸਬੰਧੀ ਕਹਿਣਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਗੈਸ, ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਉੱਤੇ ਹਰ ਸਮੇਂ ਨਿਗ੍ਹਾ ਰੱਖ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪ੍ਰੇਸ਼ਾਨੀ ਨਾ ਆਵੇ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਜ਼ਿਲ੍ਹਾ ਸੰਗਰੂਰ ਦੇ ਮੁਖੀ ਗੁਰਪ੍ਰੀਤ ਸਿੰਘ ਕੰਗ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਮੁਤਾਬਿਕ ਹਲੇ ਤੱਕ ਗੈਸ, ਡੀਜ਼ਲ ਅਤੇ ਪੈਟਰੋਲ ਦੀ ਘਾਟ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ | ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਦੇ ਘਾਟ ਨੂੰ ਲੈ ਕੇ ਕੁਝ ਲੋਕਾਂ ਕੀਤੀਆਂ ਜਾ ਰਹੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ | ਐਸ.ਡੀ.ਐਮ ਨੇ ਕਿਹਾ ਕਿ ਉਨ੍ਹਾਂ ਵਲੋਂ ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਗੈਸ, ਡੀਜ਼ਲ ਅਤੇ ਪੈਟਰੋਲ ਦੀ ਜਮ੍ਹਾਖੋਰੀ ਸਬੰਧੀ ਚੈਕਿੰਗ ਮੁਹਿੰਮ ਆਰੰਭੀ ਜਾ ਰਹੀ ਹੈ ਅਤੇ ਜੇਕਰ ਇਸ ਦੌਰਾਨ ਕੋਈ ਵੀ ਵਿਅਕਤੀ ਲੋੜ ਤੋਂ ਵੱਧ ਜਮ੍ਹਾਖੋਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਜਿਹਾਦੀ ਗਤੀਵਿਧੀਆਂ 'ਚ ਨੌਜਵਾਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਆਪਣੇ 2 ਸਾਥੀਆਂ ਸਮੇਤ ਕਾਬੂ-ਗਗਨ... ਅਗਲੀ ਖ਼ਬਰ ਅਵਾਰਾ ਢੱਠੇ ਨੇ ਲਈ ਬਜ਼ੁਰਗ ਅÏਰਤ ਦੀ ਜਾਨ
Ad Position 24