ਮੂਨਕ, 27 ਮਾਰਚ (ਵਰਿੰਦਰ ਭਾਰਦਵਾਜ)-ਪੰਜਾਬ ਸਰਕਾਰ ਵਲੋਂ ਸੂਬੇ ਵਿਚ ਹੜ੍ਹਾਂ ਤੋਂ ਬਚਾਅ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ | ਇਸ ਤਹਿਤ ਘੱਗਰ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਕਰੀਬ 12.42 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ | ਇਨਾ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪਿੰਡ ਅੰਦਾਨਾ ਅਤੇ ਮਕਰੌੜ ਸਾਹਿਬ ਤੋਂ ਮੂਣਕ ਵਿਖੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ | ਸ੍ਰ੍ਰੀ ਗੋਇਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਪਿੰਡ ਅੰਦਾਨਾ ਵਿਖੇ 01.83 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਦੇ ਨੇੜੇ ਪੱਥਰਾਂ ਦੇ ਨਾਲ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਮਕਰੌੜ ਸਾਹਿਬ, ਮੂਣਕ ਤੋਂ ਕੜੈਲ ਤੱਕ 06.46 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਖਨੌਰੀ ਤੋਂ ਮਕਰੌੜ ਸਾਹਿਬ ਤੱਕ 04.13 ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤ ਕਰਨ ਤੇ ਉੱਚਾ ਚੁੱਕਣ ਦਾ ਕੰਮ ਕੀਤਾ ਜਾਵੇਗਾ | ਇਨ੍ਹਾਂ ਸਾਰਿਆਂ ਪ੍ਰੋਜੈਕਟਾਂ ਦੇ ਤਹਿਤ ਕੁੱਲ ਕਰੀਬ 42 ਕਿੱਲੋਮੀਟਰ ਲੰਬੇ ਹਿੱਸੇ ਵਿਚ ਦਰਿਆ ਦੇ ਕਿਨਾਰਿਆਂ ਨੂੰ ਹੋਰ ਮਜ਼ਬੂਤ ਅਤੇ ਉੱਚਾ ਕੀਤਾ ਜਾਵੇਗਾ | ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪਹਿਲਾਂ ਵੀ ਘੱਗਰ ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤੀ ਲਈ ਕਰੀਬ 04 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਯਤਨਾਂ ਦਾ ਹੀ ਨਤੀਜਾ ਸੀ ਕਿ ਸਾਲ 2025 ਦੌਰਾਨ ਆਏ ਭਾਰੀ ਹੜ੍ਹਾਂ ਸਮੇਂ, ਜਦੋਂ ਘੱਗਰ ਦਰਿਆ ਲਗਾਤਾਰ ਕਰੀਬ 10 ਦਿਨ ਤੱਕ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗਦਾ ਰਿਹਾ, ਤਦ ਵੀ ਇਲਾਕੇ ਦੇ ਵਸਨੀਕਾਂ ਨੂੰ ਵੱਡੇ ਨੁਕਸਾਨ ਤੋਂ ਬਚੇ ਰਹੇ | ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਸੁਰੱਖਿਅਤ ਰੱਖਣਾ ਅਤੇ ਕਿਸਾਨਾਂ ਦੀ ਫ਼ਸਲਾਂ ਦੀ ਰੱਖਿਆ ਕਰਨਾ ਹੈ | ਉਨ੍ਹਾਂ ਕਿਹਾ ਕਿ ਘੱਗਰ ਦਰਿਆ ਦੇ ਕਿਨਾਰਿਆਂ ਦੀ ਮਜ਼ਬੂਤੀ ਨਾਲ ਨਾ ਸਿਰਫ਼ ਹੜ੍ਹਾਂ ਦੇ ਖ਼ਤਰੇ ਨੂੰ ਘਟਾਇਆ ਜਾਵੇਗਾ, ਸਗੋਂ ਇਲਾਕੇ ਵਿਚ ਖੇਤੀਬਾੜੀ ਨੂੰ ਵੀ ਮਜ਼ਬੂਤੀ ਮਿਲੇਗੀ | ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਵਿਕਾਸ ਕਾਰਜਾਂ ਨੂੰ ਤਰਜ਼ੀਹ ਦੇਵੇਗੀ ਅਤੇ ਲੋਕਾਂ ਦੀ ਸੁਰੱਖਿਆ ਤੇ ਭਲਾਈ ਲਈ ਵਚਨਬੱਧ ਰਹੇਗੀ | ਇਸ ਮੌਕੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ, ਆਪ ਦੇ ਵੱਖ-ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ |