ਲੌਂਗੋਵਾਲ, 3 ਅਪ੍ਰੈਲ (ਵਿਨੋਦ ਸ. ਖੰਨਾ)-ਗੁਰਦੁਆਰਾ ਸੰਤ ਅਤਰ ਸਿੰਘ ਪਿੰਡ ਸ਼ੇਰੋਂ ਵਿਖੇ ਨਗਰ ਨਿਵਾਸੀਆਂ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਚੇਤਨਾ ਕੈਂਪ ਲਾਇਆ ਗਿਆ | ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਦੇ ਪਿ੍ੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ ਦੀ ਦੇਖ ਰੇਖ ਹੇਠ ਧਾਰਮਿਕ ਅਧਿਆਪਕ ਸੁਰਜੀਤ ਸਿੰਘ ਵੱਲੋਂ ਲਾਏ ਗਏ ਇਸ ਕੈਂਪ ਵਿੱਚ 100 ਦੇ ਕਰੀਬ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਅਧਿਆਤਮਿਕ ਵਿਕਾਸ ਤੋਂ ਇਲਾਵਾ ਉਨ੍ਹਾਂ ਨੂੰ ਗੁਰਬਾਣੀ ਅਤੇ ਗੁਰਮਤਿ ਸਿੱਖਿਆ ਨਾਲ ਜੋੜਨਾ ਸੀ | ਕੈਂਪ ਦੇ ਅੰਤਿਮ ਦਿਨ ਦਸਤਾਰ ਸਜਾਉਣ, ਗੁਰਮਤਿ ਨਾਲ ਸਬੰਧਿਤ ਪੇਂਟਿੰਗ, ਪ੍ਰਸ਼ਨੋਤਰੀ, ਗੁਰਬਾਣੀ ਕੰਠ, ਗੁਰਬਾਣੀ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ ਅਤੇ ਸਿੱਖ ਧਰਮ ਪ੍ਰਤੀ ਵਿਸ਼ੇਸ਼ ਰੁਚੀ ਵੀ ਵਿਖਾਈ | ਕੈਂਪ ਵਿੱਚ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਮੂਲ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ | ਧਾਰਮਿਕ ਅਧਿਆਪਕ ਸੁਰਜੀਤ ਸਿੰਘ ਵੱਲੋਂ ਗੁਰਬਾਣੀ ਅਤੇ ਸਿੱਖ ਜੀਵਨ ਸ਼ੈਲੀ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ ਗਏ | ਇਸ ਮੌਕੇ ਗੁਰਦੁਆਰਾ ਸੰਤ ਅਤਰ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਿੱਕਰ ਸਿੰਘ, ਮੀਤ ਪ੍ਰਧਾਨ ਕੌਰ ਸਿੰਘ, ਖ਼ਜ਼ਾਨਚੀ ਅਮਰਜੀਤ ਸਿੰਘ, ਸਕੱਤਰ ਰਾਮ ਸਿੰਘ, ਜਗਜੀਤ ਸਿੰਘ, ਨਿਰਭੈ ਸਿੰਘ, ਜਗਤਾਰ ਸਿੰਘ, ਮਨਦੀਪ ਸਿੰਘ ਢਿੱਲੋਂ, ਨਰਿੰਦਰ ਸਿੰਘ ਬਿੱਲਾ, ਗ੍ਰੰਥੀ ਜੱਗੀ ਸਿੰਘ ਵੱਲੋਂ ਧਾਰਮਿਕ ਅਧਿਆਪਕ ਸੁਰਜੀਤ ਸਿੰਘ ਅਤੇ ਜੇਤੂ ਵਿਦਿਆਰਥੀਆਂ ਦਾ ਉਚੇਚਾ ਸਨਮਾਨ ਕੀਤਾ ਗਿਆ | ਪਿੰਡ ਸ਼ੇਰੋਂ ਦੇ ਨਿਵਾਸੀਆਂ ਵੱਲੋਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿ੍ੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ |