ਸੁਨਾਮ ਊਧਮ ਸਿੰਘ ਵਾਲਾ, 6 ਅਪ੍ਰੈਲ (ਧਾਲੀਵਾਲ, ਭੁੱਲਰ)-ਸ੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਵੱਲੋਂ ਪ੍ਰਧਾਨ ਅੱਛਰੂ ਗੋਇਲ ਦੀ ਅਗਵਾਈ ਹੇਠ ਇੱਥੇ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਵਿਸ਼ਾਲ ਰਾਧਾ ਨਾਮ ਸੰਕੀਰਤਨ ਸਮਾਗਮ ਭਗਤੀਮਈ ਮਾਹੌਲ ਵਿੱਚ ਕਰਵਾਇਆ ਗਿਆ, ਜਿਸ ਵਿੱਚ ਬ੍ਰਜ ਰਜ ਕਿੰਕਰੀ ਪੂਨਮ ਦੀਦੀ ਵੱਲੋਂ ਭਜਨ ਕੀਰਤਨ ਕੀਤਾ ਗਿਆ | ਇਸ ਅਧਿਆਤਮਿਕ ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰਦੇ ਹੋਏ ਭਗਤੀ ਰਸ ਦਾ ਆਨੰਦ ਮਾਣਿਆ | ਸਮਾਗਮ ਸਬੰਧੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸ੍ਰੀ ਰਾਧਾ ਰਾਣੀ ਮੰਦਰ, ਬਰਸਾਨਾ ਧਾਮ ਤੋਂ ਪਵਿੱਤਰ ਅਖੰਡ ਜਯੋਤੀ ਪ੍ਰਾਪਤ ਕਰ ਕੇ ਸ੍ਰੀ ਠਾਕੁਰ ਜੀ ਮੰਦਰ, ਵਿ੍ੰਦਾਵਨ ਧਾਮ ਵਿਖੇ ਪਹੁੰਚ ਕੇ ਵਿਧੀਵਤ ਪੂਜਾ-ਅਰਚਨਾ ਕੀਤੀ ਗਈ ਸੀ | ਇਸ ਤੋਂ ਬਾਅਦ ਉਨ੍ਹਾਂ ਵੱਲੋਂ ਮੱਥਾ ਟੇਕ ਕੇ ਇਸ ਪਵਿੱਤਰ ਅਖੰਡ ਜਯੋਤੀ ਨੂੰ ਸੁਨਾਮ ਲਈ ਰਵਾਨਾ ਕੀਤਾ ਗਿਆ ਸੀ, ਜਿਸ ਨੂੰ ਸਮਾਗਮ ਲਈ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਸਥਾਪਿਤ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਲੋਕਾਂ ਦੀ ਖ਼ੁਸ਼ਹਾਲੀ, ਚੰਗੀ ਸਿਹਤ ਅਤੇ ਸਮਾਜ ਵਿੱਚ ਪ੍ਰੇਮ, ਸਾਂਝ ਅਤੇ ਭਾਈਚਾਰੇ ਦੀ ਭਾਵਨਾ ਬਣੀ ਰਹਿਣ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਇਹ ਪਵਿੱਤਰ ਅਖੰਡ ਜਯੋਤੀ ਰਾਧਾ ਜੀ ਅਤੇ ਕਿ੍ਸ਼ਨ ਜੀ ਦੇ ਅਟੱਲ ਪ੍ਰੇਮ, ਅਟੁੱਟ ਭਗਤੀ ਅਤੇ ਆਤਮਿਕ ਰੌਸ਼ਨੀ ਦਾ ਪ੍ਰਤੀਕ ਹੈ, ਜੋ ਜਿੱਥੇ ਵੀ ਪਹੁੰਚਦੀ ਹੈ, ਉੱਥੇ ਅਧਿਆਤਮਿਕ ਊਰਜਾ ਦਾ ਪ੍ਰਸਾਰ ਕਰਦੀ ਹੈ ਅਤੇ ਮਨੁੱਖ ਦੇ ਜੀਵਨ ਵਿਚ ਨਵੀਂ ਸਕਾਰਾਤਮਕਤਾ ਭਰਦੀ ਹੈ | ਇਸ ਵਿਸ਼ਾਲ ਅਧਿਆਤਮਿਕ ਸਮਾਗਮ ਦੌਰਾਨ ਸੰਗਤ ਨੇ ਭਜਨ-ਕੀਰਤਨ ਅਤੇ ਰਾਧਾ ਨਾਮ ਦੇ ਜਾਪ ਵਿੱਚ ਲੀਨ ਹੋ ਕੇ ਆਤਮਿਕ ਅਨੰਦ ਦੀ ਪ੍ਰਾਪਤੀ ਕੀਤੀ ਅਤੇ ਪੂਰਾ ਮਾਹੌਲ ਭਗਤੀਮਈ ਰੰਗ ਵਿੱਚ ਰੰਗਿਆ ਰਿਹਾ | ਸਮਾਗਮ ਦੀ ਸਫਲਤਾ ਲਈ ਪ੍ਰਬੰਧਕਾਂ ਵੱਲੋਂ ਕੀਤੇ ਗਏ ਉੱਦਮਾਂ ਦੀ ਵੀ ਸਰਾਹਨਾ ਕੀਤੀ ਗਈ |