ਭਵਾਨੀਗੜ੍ਹ, 6 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਪੁਲਿਸ ਵੱਲੋਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਬਰਾਮਦ ਕਰਕੇ ਮੋਬਾਈਲਾਂ ਦੇ ਮਾਲਕਾਂ ਨੂੰ ਸੌਂਪਣ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ ਰਾਹੁਲ ਕੌਸ਼ਲ ਨੇ ਦੱਸਿਆ ਕਿ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਉਂਦਿਆਂ 15 ਗੁੰਮ ਹੋਏ ਮੋਬਾਈਲ ਫ਼ੋਨ ਜਿਨ੍ਹਾਂ ਦੀ ਕੀਮਤ ਕਰੀਬ 2 ਲੱਖ ਰੁਪਏ ਬਣਦੀ ਹੈ, ਨੂੰ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਦਰੁਸਤ ਹਾਲਤ ਵਿੱਚ ਸੌਂਪੇ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਮੋਬਾਈਲ ਫ਼ੋਨ ਬਰਾਮਦ ਕਰਵਾਉਣ ਵਿੱਚ ਆਈ.ਟੀ. ਵਿੰਗ (ਟੈਕਨੀਕਲ ਸੈੱਲ) ਦੇ ਅਧਿਕਾਰੀ ਅਸ਼ਵਨੀ ਮਹਿਤਾ ਅਤੇ ਸਬ-ਡਵੀਜ਼ਨ ਦੀ ਪੁਲਿਸ ਟੀਮ ਦਾ ਅਹਿਮ ਯੋਗਦਾਨ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਮੁਹਿੰਮ ਤਹਿਤ ਕੁੱਲ 87 ਗੁੰਮ ਹੋਏ ਮੋਬਾਈਲ ਫ਼ੋਨ ਬਰਾਮਦ ਕਰਕੇ ਮਾਲਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦਾ ਮੋਬਾਈਲ ਫ਼ੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਆਨਲਾਈਨ ਪੋਰਟਲ ਜਾਂ ਨੇੜਲੇ ਪੁਲਿਸ ਸਾਂਝ ਕੇਂਦਰ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਉਣ, ਤਾਂ ਜੋ ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ ਕਰਕੇ ਮੋਬਾਈਲ ਦੀ ਬਰਾਮਦਗੀ ਸੰਭਵ ਬਣਾਈ ਜਾ ਸਕੇ | ਇਸ ਮੌਕੇ 'ਤੇ ਹੋਰ ਅਧਿਕਾਰੀ ਹਾਜ਼ਰ ਸਨ |