ਸੰਗਰੂਰ, 7 ਅਪੈ੍ਰਲ (ਧੀਰਜ ਪਸ਼ੋਰੀਆ) - ਸਵਤੰਤਰਤਾ ਸੰਗਰਾਮੀ ਜਥੇਦਾਰ ਕਰਤਾਰ ਸਿੰਘ ਦਰਵੇਸ਼.ਸਕੂਲ ਸਕੂਲ ਆਫ਼ ਐਮੀਨੈਂਸ (ਰਾਜ ਹਾਈ) ਵਿੱਚ ਨਵੇਂ ਸੈਸ਼ਨ ਨੂੰ ਮੁੱਖ ਰੱਖਦਿਆਂ ਸੁਖਮਨੀ ਸਾਹਿਬ ਦੇ ਪਾਠ ਕਰਵਾਇਆ | ਪਿ੍ੰਸੀਪਲ ਸ੍ਰੀ ਬਿਪਨ ਕੁਮਾਰ, ਸਟਾਫ਼, ਐੱਸ.ਐਮ.ਸੀ. ਕਮੇਟੀ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਦੀ ਸੁੱਖ ਸ਼ਾਂਤੀ, ਨਵੇਂ ਸੈਸ਼ਨ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ, ਲਗਨ, ਮਿਹਨਤ, ਬੁੱਧੀ ਵਿਵੇਕ, ਦੀ ਸਮਰੱਥਾ ਦੇਣ ਲਈ ਅਰਦਾਸ ਕੀਤੀ ਗਈ | ਇਸ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਪ੍ਰੋ. ਸੁਰਿੰਦਰਪਾਲ ਸਿੰਘ ਸਿਦਕੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ | ਪਿ੍ੰਸੀਪਲ ਸ੍ਰੀ ਬਿਪਨ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪਿਛਲੇ ਸਾਲ ਸਹਿ ਵਿੱਦਿਅਕ ਗਤੀਵਿਧੀਆਂ, ਖੇਡਾਂ, ਜੇਈ, ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਮੱਲ੍ਹਾਂ ਮਾਰ ਕੇ ਸੰਸਥਾ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਜੋ ਸਟਾਫ਼ ਅਤੇ ਬੱਚਿਆਂ ਲਈ ਬੜੇ ਮਾਣ ਵਾਲੀ ਗੱਲ ਹੈ | ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੰਸਥਾ ਹੋਰ ਉੱਚੀਆਂ ਮੰਜ਼ਿਲਾਂ ਨੂੰ ਛੂਹੇਗੀ |