ਸੰਗਰੂਰ, 10 ਅਪ੍ਰੈਲ (ਧੀਰਜ ਪਸ਼ੌਰੀਆ)-ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਅਨਾਜ ਮੰਡੀ ਸੰਗਰੂਰ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਦੀ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਉਨ੍ਹਾਂ ਨੇ ਪਹਿਲੀ ਫ਼ਸਲ ਲਿਆਉਣ ਵਾਲੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀ ਅਰਥਵਿਵਸਥਾ ਵਿਚ ਕਿਸਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਮੰਡੀ ਵਿਚ ਆਈ ਇਸ ਕਣਕ ਦੀ ਢੇਰੀ ਨੂੰ ਪਨਗਰੇਨ ਵਲੋਂ ਖ਼ਰੀਦਿਆ ਗਿਆ | ਭਰਾਜ ਨੇ ਮੰਡੀ ਵਿਚ ਪਹੁੰਚ ਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਤੋਂ ਪਹਿਲਾਂ ਭਰਾਜ ਨੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ, ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਅਤੇ ਆੜ੍ਹਤੀਆਂ ਨਾਲ ਬੈਠਕ ਕੀਤੀ | ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮੰਡੀ ਵਿਚ ਆਉਣ ਵਾਲੇ ਹਰ ਇਕ ਕਿਸਾਨ ਨੂੰ ਸੁਵਿਧਾਜਨਕ ਮਾਹੌਲ ਪ੍ਰਦਾਨ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਣਕ ਦੀ ਖ਼ਰੀਦ ਐਮ.ਐਸ.ਪੀ. 'ਤੇ ਯਕੀਨੀ ਬਣਾਈ ਜਾ ਰਹੀ ਹੈ ਅਤੇ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖ਼ਰੀਦ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਲਈ ਆਨਲਾਈਨ ਪ੍ਰਣਾਲੀਆਂ ਨੂੰ ਲਾਗੂ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਭੁਗਤਾਨ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਨਿਰਧਾਰਿਤ ਸਮੇਂ ਅੰਦਰ ਹੋਵੇਗਾ | ਭਰਾਜ ਨੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਣਕ ਦੀ ਤੁਰੰਤ ਤੁਲਾਈ ਸਮੇਂ-ਸਿਰ ਲਿਫ਼ਟਿੰਗ ਅਤੇ ਭੁਗਤਾਨ ਪ੍ਰਕਿਰਿਆ ਵਿਚ ਕੋਈ ਦੇਰੀ ਨਾ ਹੋਵੇ | ਉਨ੍ਹਾਂ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਮੰਡੀ ਵਿਚ ਬਾਰਦਾਨਾ, ਤੋਲ ਕਾਂਟੇ ਅਤੇ ਹੋਰ ਲੋੜੀਂਦੇ ਸਾਜੋ-ਸਾਮਾਨ ਦੀ ਕੋਈ ਘਾਟ ਨਾ ਰਹੇ | ਇਸ ਮੌਕੇ ਐਸ.ਡੀ.ਐਮ ਸ੍ਰੀ ਸਤੀਸ਼ ਚੰਦਰ ਮਾਰਕੀਟ ਕਮੇਟੀ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰ ਪਾਲ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਇੰਸਪੈਕਟਰ ਰਜੇਸ਼ ਕੁਮਾਰ (ਪਨਗਰੇਨ), ਪ੍ਰਦੀਪ ਸਿੰਗਲਾ, ਹਰਿੰਦਰ ਬਾਵਾ, ਵਿਜੇ ਜੈਨ, ਕੁਲਦੀਪ ਤਿਵਾੜੀ, ਰਾਮ ਲਾਲ, ਕੌਸ਼ਲ ਕਿਸ਼ੋਰ ਅਤੇ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ | ਇਸੇ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੀਸ਼ਨ ਕੁਮਾਰ ਤੁੰਗਾਂ, ਕੇਵਲ ਗੁਪਤਾ, ਕਮਲ ਮਿੱਤਲ, ਨਰੇਸ਼ ਵਿਕੀ, ਮਨੋਜ ਗਰਗ, ਅਮਨ ਪੂਨੀਆ, ਨਰਿੰਦਰ ਨਿੰਦੀ, ਦਲਬੀਰ ਸਿੰਘ ਅÏਲਖ, ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਰਸ਼ਨ ਕੁਮਾਰ ਤੁੰਗਾਂ, ਜਤਿੰਦਰ ਸਿੰਘ ਗਰੇਵਾਲ, ਅਕਾਂਟੈਂਟ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਤਿਵਾੜੀ, ਹਰਦੀਪ ਸ਼ਰਮਾ ਅਤੇ ਵਿਜੇ ਕੁਮਾਰ ਨੇ ਕਿਹਾ ਕਿ ਅਨਾਜ ਮੰਡੀ ਵਿਚ ਕਣਕ ਦੀ ਖ਼ਰੀਦ ਲਈ ਪੂਰੇ ਪ੍ਰਬੰਧ ਕਰ ਲਿਆ ਗਏ ਹਨ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ |