ਸੰਗਰੂਰ, 10 ਅਪ੍ਰੈਲ (ਧੀਰਜ ਪਸ਼ੌਰੀਆ)-ਹੋਮਿਓਪੈਥਿਕ ਦਿਵਸ ਮੌਕੇ ਹੋਮਿਓਪੈਥਿਕ ਮਾਹਰ ਡਾ. ਅਮਰਜੀਤ ਸਿੰਘ ਮਾਨ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਹੋਮਿਉਪੈਥੀ ਸਿਸਟਮ ਨੂੰ ਘਰ-ਘਰ ਲੈ ਕੇ ਜਾਇਆ ਜਾਵੇ ਕਿਉਂਕਿ ਹੋਮਿਉਪੈਥੀ ਪ੍ਰਣਾਲੀ ਪੁਰਾਣੀਆਂ ਬਿਮਾਰੀਆਂ, ਮਾਨਸਿਕ ਰੋਗਾਂ ਦੇ ਨਾਲ ਨਾਲ ਪਸ਼ੂਆਂ ਦੀਆਂ ਬਿਮਾਰੀਆਂ ਆਦਿ ਵਿੱਚ ਬਹੁਤ ਹੀ ਲਾਭਦਾਇਕ ਹੈ | ਉਨ੍ਹਾਂ ਕਿਹਾ ਕਿ ਹੁਣ ਇਸ ਪੈਥੀ ਨੂੰ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਵੀ ਬਹੁਤ ਕੁੱਝ ਕਰ ਰਹੀ ਹੈ | ਮਸਤੂਆਣਾ ਸਾਹਿਬ ਵਿਖੇ ਸਰਕਾਰੀ ਹੋਮਿਓਪੈਥਿਕ ਮੈਡੀਕਲ ਕਾਲਜ ਮਨਜ਼ੂਰ ਹੋ ਚੁੱਕਾ ਹੈ | ਹੋਮਿਓਪੈਥਿਕ ਵਿਭਾਗ ਵਿੱਚ ਖਾਲੀ ਪਈਆਂ ਪੋਸਟਾਂ ਨੂੰ ਭਰਨ ਦੀ ਵੀ ਮਨਜ਼ੂਰੀ ਮਿਲ ਚੁੱਕੀ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਖੁੱਲ ਚੁੱਕੇ ਅਤੇ ਖੁੱਲਣ ਜਾ ਰਹੇ ਆਮ ਆਦਮੀ ਮਹੱਲਾ ਕਲੀਨਿਕਾਂ ਵਿੱਚ ਹੋਮਿਉਪੈਥੀ ਯੂਨਿਟ ਵੀ ਸਥਾਪਿਤ ਕੀਤੇ ਜਾਣ ਤਾਂ ਜੋ ਵੱਧ ਤੋਂ ਵੱਧ ਲੋਕ ਹੋਮਿਉਪੈਥੀ ਪ੍ਰਣਾਲੀ ਦਾ ਲਾਭ ਉਠਾ ਸਕਣ |