ਸੁਨਾਮ ਊਧਮ ਸਿੰਘ ਵਾਲਾ, 12 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਸੰਗਰੂਰ-ਪਾਤੜਾਂ ਸੜਕ 'ਤੇ ਪਿੰਡ ਮਹਿਲਾਂ ਵਿਖੇ ਹੋਏ ਹਾਦਸੇ ਵਿਚ ਗੰਭੀਰ ਜ਼ਖਮੀ ਵਿਅਕਤੀ ਦੀ ਵੱਖ-ਵੱਖ ਹਸਪਤਾਲਾਂ 'ਚ ਇਲਾਜ ਕਰਵਾਉਣ ਦੇ ਬਾਵਜੂਦ ਮੌਤ ਹੋ ਜਾਣ ਦੀ ਖ਼ਬਰ ਹੈ | ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਹੌਲਦਾਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਜਗਵੀਰ ਸਿੰਘ ਵਾਸੀ ਮਹਿਲਾਂ 3 ਮਾਰਚ ਨੂੰ ਪਿੰਡ ਦੀ ਧਰਮਸ਼ਾਲਾ 'ਚੋਂ ਸੜਕ ਪਾਰ ਕਰਕੇ ਆਪਣੇ ਘਰ ਜਾ ਰਿਹਾ ਸੀ | ਇਸ ਦੌਰਾਨ ਮਹਿਲਾਂ ਚੌਂਕ ਤੋਂ ਸੂਲਰ ਘਰਾਟ ਵੱਲ ਜਾ ਰਹੀ ਇੱਕ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਉਹ ਬੇਹੋਸ਼ ਹੋਕੇ ਸੜਕ 'ਤੇ ਡਿਗ ਪਿਆ | ਪਤਾ ਲੱਗਣ 'ਤੇ ਪਰਿਵਾਰ ਵੱਲੋਂ ਇਲਾਜ ਲਈ ਜਗਵੀਰ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ | ਕਈ ਦਿਨ ਰਜਿੰਦਰਾ ਹਸਪਤਾਲ ਵਿਚ ਦਾਖਲ ਰਹਿਣ ਦੇ ਬਾਵਜੂਦ ਵੀ ਜਦੋਂ ਜਗਵੀਰ ਸਿੰਘ ਬੇਹੋਸ਼ੀ ਦੀ ਹਾਲਤ 'ਚੋਂ ਬਾਹਰ ਨਾਂ ਆਇਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ ਗਿਆ ਪਰ 21 ਮਾਰਚ ਨੂੰ ਪੀ ਜੀ ਆਈ ਦੇ ਡਾਕਟਰਾਂ ਵੱਲੋਂ ਜਗਵੀਰ ਸਿੰਘ ਦੀ ਇਹ ਕਹਿਕੇ ਛੁੱਟੀ ਕਰ ਦਿੱਤੀ ਗਈ ਕਿ ਹੁਣ ਇਸ ਦੀ ਘਰ ਹੀ ਸੇਵਾ ਸੰਭਾਲ ਕਰ ਲਓ | ਹੌਲਦਾਰ ਲਵਪ੍ਰੀਤ ਸਿੰਘ ਨੇ ਕਿਹਾ ਕਿ ਆਖ਼ਰ ਜਗਵੀਰ ਸਿੰਘ (45) ਪੁੱਤਰ ਮੱਘਰ ਸਿੰਘ ਵਾਸੀ ਪਿੰਡ ਮਹਿਲਾਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਦਮ ਤੋੜ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਿ੍ਤਕ ਦੇ ਪੁੱਤਰ ਦਿਲਪ੍ਰੀਤ ਸਿੰਘ ਦੇ ਬਿਆਨਾਂ 'ਤੇ ਸੁਖਵਿੰਦਰ ਸਿੰਘ ਉਰਫ਼ ਸੰਨੀ ਵਾਸੀ ਸੁਨਾਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮਿ੍ਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ |