ਸੰਗਰੂਰ, 12 ਅਪ੍ਰੈਲ (ਧੀਰਜ਼ ਪਸ਼ੌਰੀਆ)-ਅਨਾਜ ਮੰਡੀ ਸੰਗਰੂਰ ਵਿੱਚ ਕਣਕ ਦੀ ਆਮਦ ਹੋਲੀ-ਹੋਲੀ ਵੱਧ ਰਹੀ ਹੈ ਪਰ ਖ਼ਰੀਦ ਨਾ ਹੋਣ ਕਾਰਣ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵੱਧ ਰਹੀਆਂ ਹਨ | ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿੱਚ ਲਗਾਤਾਰ ਹੋਈ ਬਰਸਾਤ ਕਾਰਣ ਜਿੱਥੇ ਕਣਕ ਵਿੱਚ ਮਾਜੂ ਦਾਣਿਆਂ ਦੀ ਪ੍ਰਤੀਸ਼ਤਤਾ ਵਧੀ ਹੈ, ਉੱਥੇ 50 ਪ੍ਰਤੀਸ਼ਤ ਦਾਣਾ ਬਦਰੰਗ ਵੀ ਹੋ ਗਿਆ | ਇਸੇ ਕਾਰਣ ਪੰਜਾਬ ਦੇ ਮੁੱਖ ਮੰਤਰੀ ਰਿਆਇਤ ਲੈਣ ਲਈ ਕੇਂਦਰੀ ਮੰਤਰੀ ਨੂੰ ਮਿਲੇ ਹਨ | ਸੋਮਵਾਰ ਨੂੰ ਕੇਂਦਰੀ ਟੀਮ ਅਨਾਜ ਮੰਡੀ ਸੰਗਰੂਰ ਦਾ ਦੌਰਾ ਕਰੇਗੀ | ਜ਼ਿਕਰਯੋਗ ਹੈ ਕਿ ਕੇਂਦਰ ਦੀਆਂ ਵੱਖ-ਵੱਖ ਟੀਮਾਂ ਪੰਜਾਬ ਦੀਆਂ ਮੰਡੀਆਂ ਦਾ ਦੌਰਾ ਕਰ ਰਹੀਆਂ ਹਨ | ਆਸ ਹੈ ਕਿ ਇਨ੍ਹਾਂ ਟੀਮਾਂ ਦੀ ਰਿਪੋਰਟ ਤੋਂ ਬਾਅਦ ਕੇਂਦਰ ਸਰਕਾਰ ਕਣਕ ਦੀ ਖ਼ਰੀਦ ਵਿੱਚ ਰਿਆਇਤਾਂ ਦਾ ਐਲਾਨ ਕਰੇਗੀ, ਫਿਰ ਹੀ ਸੰਗਰੂਰ ਸਮੇਤ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਵੇਗੀ | ਇੱਥੇ ਇਹ ਦੱਸਿਆ ਜਾਣਾ ਜ਼ਰੂਰੀ ਹੈ ਕਿ ਰਾਜਸਥਾਨ ਵਿੱਚ ਕਣਕ ਦੀ ਖ਼ਰੀਦ ਲਈ 50 ਪ੍ਰਤੀਸ਼ਤ ਬਦਰੰਗ ਦਾਣੇ ਅਤੇ 15 ਪ੍ਰਤੀਸ਼ਤ ਤੱਕ ਮਾਜੂ ਦਾਣੇ ਦੀ ਛੋਟ ਮਿਲ ਚੁੱਕੀ ਹੈ | ਹਰਿਆਣੇ ਲਈ ਵੀ ਅੱਜ ਕੱਲ੍ਹ ਵਿੱਚ ਛੋਟ ਦਾ ਪੱਤਰ ਜਾਰੀ ਹੋ ਜਾਵੇਗਾ | ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਸਨ ਕੁਮਾਰ ਤੁੰਗਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੰਡੀ ਵਿੱਚ ਘੱਟੋ-ਘੱਟ 9000 ਕੁਇੰਟਲ ਦੇ ਕਰੀਬ ਕਣਕ ਪਹੁੰਚ ਚੁੱਕੀ ਹੈ | ਕੱਲ੍ਹ ਸੋਮਵਾਰ ਨੂੰ ਕੇਂਦਰੀ ਟੀਮ ਮੰਡੀ ਪਹੁੰਚ ਰਹੀ ਹੈ | ਆਸ ਹੈ ਕਿ ਦੋ ਤਿੰਨ ਦਿਨਾਂ ਵਿੱਚ ਖ਼ਰੀਦ ਸ਼ੁਰੂ ਹੋ ਜਾਵੇਗੀ | ਇਸ ਮੌਕੇ ਅਕਾੳਾੂਟੈਂਟ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਤਿਵਾੜੀ ਵੀ ਮੌਜੂਦ ਸਨ |