ਲੌਂਗੋਵਾਲ, 12 ਅਪ੍ਰੈਲ (ਵਿਨੋਦ ਸ਼ਰਮ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਦੇ ਸਾਲਾਨਾ ਸਮਾਜਿਕ-ਸੱਭਿਆਚਾਰਕ ਉਤਸਵ 'ਮਧੁਰਮ-26' ਦੀ ਸ਼ੁਰੂਆਤ ਵੱਡੇ ਉਤਸ਼ਾਹ ਨਾਲ ਹੋਈ | ਜਿਸ ਵਿੱਚ 500 ਤੋਂ ਵਡੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁੱਖ ਆਡੀਟੋਰੀਅਮ ਵਿਖੇ ਹੋਏ ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਮਹਿਮਾਨਾਂ ਦੇ ਸਵਾਗਤ ਨਾਲ ਹੋਈ | ਇਸ ਤੋਂ ਬਾਅਦ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਕੁਲਗੀਤ ਅਤੇ ਵੰਦੇ ਮਾਤਰਮ ਦਾ ਗਾਇਨ ਕੀਤਾ ਗਿਆ | ਪ੍ਰੋ. ਇੰਦਰਰਾਜ ਸਿੰਘ ਚੇਅਰਮੈਨ ਮਧੁਰਮ-26, ਪ੍ਰੋ. ਵੀ.ਕੇ. ਕੁਕਰੇਜਾ ਡੀਨ ਵਿਦਿਆਰਥੀ ਕਲਿਆਣ ਅਤੇ ਪ੍ਰੋ. ਮਨੀ ਕਾਂਤ ਪਾਸਵਾਨ ਡਾਇਰੈਕਟਰ ਸਲਾਇਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਮਹੱਤਤਾ ਬਾਰੇ ਦੱਸਿਆ | ਇਸ ਸਮਾਰੋਹ ਵਿਚ ਸ਼੍ਰੀ ਹਰੀ ਸਿੰਘ ਮੈਨੇਜਿੰਗ ਡਾਇਰੈਕਟਰ ਪ੍ਰੀਤ ਟਰੈਕਟਰਜ਼ ਨਾਭਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਸਲਾਇਟ ਦੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਅਤੇ ਉਦਯੋਗਿਕ ਦੌਰਿਆਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਉਦਘਾਟਨੀ ਸੈਸ਼ਨ ਵਿਚ ਭਰਤਨਾਟਿਅਮ, ਸੋਲੋ ਸਿੰਗਿੰਗ, ਸੋਲੋ ਡਾਂਸ ਅਤੇ ਹਰਿਆਣਵੀ ਬੀਟ ਸਮੇਤ ਵੱਖ-ਵੱਖ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁੱਖ ਸਟੇਜ 'ਤੇ ਕਵਿਤਾ ਉਚਾਰਨ, ਬੰਸਰੀ ਵਾਦਨ, ਦੁਗਾਣਾ ਅਤੇ ਗਰੁੱਪ ਡਾਂਸ, ਮਾਡਲਿੰਗ ਅਤੇ ਵੱਖ-ਵੱਖ ਟੀਮਾਂ ਵਲੋਂ ਜੋਸ਼ੀਲੇ ਸੱਭਿਆਚਾਰਕ ਪ੍ਰਦਰਸ਼ਨ ਕੀਤੇ ਗਏ | ਇਨ੍ਹਾਂ ਲਗਾਤਾਰ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਕੀਲ ਕੇ ਰੱਖਿਆ ਅਤੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ | ਗਾਇਕ ਹਰਮਨ ਸਿੰਘ ਦੀ ਲਾਈਵ ਪੇਸ਼ਕਾਰੀ ਸ਼ਾਮ ਦਾ ਮੁੱਖ ਖਿੱਚ ਦਾ ਕੇਂਦਰ ਰਹੀ | ਇਸ ਮੌਕੇ ਸ਼੍ਰੀ ਘਨਸ਼ਿਆਮ ਕਾਂਸਲ ਵਾਈਸ ਚੇਅਰਮੈਨ ਸੰਗਰੂਰ ਚੈਂਬਰ ਆਫ਼ ਕਾਮਰਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਸਲਾਇਟ ਦੇ ਵਿਦਿਆਰਥੀਆਂ ਲਈ 31,000 ਅਮਰੀਕੀ ਡਾਲਰ ਦੀ ਲਾਗਤ ਵਾਲੇ ਉਦਯੋਗਿਕ ਪ੍ਰੋਜੈਕਟ ਨੂੰ ਸਪਾਂਸਰ ਕਰਨ ਦਾ ਐਲਾਨ ਵੀ ਕੀਤਾ |