ਸੁਨਾਮ ਊਧਮ ਸਿੰਘ ਵਾਲਾ, 12 ਅਪ੍ਰੈਲ (ਭੁੱਲਰ, ਧਾਲੀਵਾਲ) - ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੀ ਹੋਈ ਮੀਟਿੰਗ ਦੌਰਾਨ ਗਦਰ ਪਾਰਟੀ, ਗਦਰ ਲਹਿਰ ਅਤੇ ਗਦਰੀ ਯੋਧਿਆਂ ਦੀਆਂ ਕੁਰਬਾਨੀਆਂ ਬਾਰੇ ਅਜੋਕੀ ਪੀੜੀ ਨੂੰ ਜਾਣੂ ਕਰਵਾਉਣ ਦੇ ਨਾਲ-ਨਾਲ ਗਦਰ ਲਹਿਰ ਦੇ ਪ੍ਰਚਾਰ ਪ੍ਰਸਾਰ ਕਰਨ ਦੇ ਮੰਤਵ ਨਾਲ ਸੂਬਾ ਪੱਧਰ ਤੇ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦਾ ਗਠਨ ਕੀਤਾ ਗਿਆ ਹੈ | ਇਸ ਸੰਬੰਧੀ ਇਕ 20 ਮੈਂਬਰੀ ਸੂਬਾਈ ਕਮੇਟੀ ਬਣਾ ਕੇ ਬਲਵੀਰ ਚੰਦ ਲੌਂਗੋਵਾਲ ਨੂੰ ਪ੍ਰਧਾਨ, ਰਾਕੇਸ਼ ਕੁਮਾਰ ਸੁਨਾਮ ਜਨਰਲ ਸਕੱਤਰ, ਜੁਝਾਰ ਸਿੰਘ ਲੌਂਗੋਵਾਲ ਉਪ ਪ੍ਰਧਾਨ, ਲਾਭ ਸਿੰਘ ਛਾਜਲਾ ਖ਼ਜ਼ਾਨਚੀ ਅਤੇ ਜਸਵੀਰ ਸਿੰਘ ਨਮੋਲ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ ਜਦੋਂ ਕਿ ਡਾਕਟਰ ਦਰਸ਼ਨ ਸਿੰਘ ਖੇੜੀ, ਪਵਨ ਕੁਮਾਰ ਸ਼ਰਮਾ ਸੁਨਾਮ, ਮਾਸਟਰ ਜਗਦੇਵ ਸ਼ਰਮਾ, ਗੁਰਦੀਪ ਸਿੰਘ ਲਹਿਰਾ, ਸੁਰਿੰਦਰ ਸਿੰਘ ਉੱਪਲੀ, ਚਮਕੌਰ ਸਿੰਘ ਮਹਿਲਾਂ ਚੌਂਕ, ਗੋਬਿੰਦ ਸਿੰਘ ਸ਼ੇਰਪੁਰ, ਦਰਸ਼ਨ ਸਿੰਘ ਸੁਨਾਮ, ਹਰਭਗਵਾਨ ਗੁਰਨੇ, ਪ੍ਰੇਮ ਸਰੂਪ ਛਾਜਲੀ, ਸੁਖਜਿੰਦਰ ਸਿੰਘ ਸੰਗਰੂਰ ਆਦਿ ਮੈਂਬਰ ਨਿਯੁਕਤ ਕੀਤੇ ਗਏ | ਇਸ ਸਮੇ ਜਥੇਬੰਦੀ ਨੂੰ ਸਰਗਰਮ ਕਰਨ ਅਤੇ ਆਪਣਾ ਪ੍ਰੋਗਰਾਮ ਆਮ ਲੋਕਾਂ ਵਿੱਚ ਲੈ ਕੇ ਜਾਣ ਲਈ ਗਦਰ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਕਿਉਂਕ ਗਦਰ ਪਾਰਟੀ ਦੀ ਸਥਾਪਨਾ 21 ਅਪ੍ਰੈਲ 1913 ਨੂੰ ਕੀਤੀ ਗਈ ਸੀ | ਇਸ ਲਈ ਸਥਾਪਨਾ ਦਿਵਸ ਮਨਾਉਣ ਲਈ 21 ਅਪ੍ਰੈਲ ਨੂੰ ਦੁਪਹਿਰ 2.30 ਵਜੇ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਬਰਨਾਲਾ ਕੈਂਚੀਆਂ ਵਿਖੇ ਸਮਾਗਮ ਕੀਤਾ ਜਾਵੇਗਾ | ਜਿਸ ਵਿਚ ਗਦਰ ਪਾਰਟੀ ਦੀ ਵਿਚਾਰਧਾਰਾ ਤੇ ਅੱਜ ਦੇ ਸਮੇ ਵਿੱਚ ਸਾਰਥਿਕਤਾ ਤੇ ਵਿਚਾਰ ਚਰਚਾ ਕੀਤੀ ਜਾਵੇਗੀ | ਜਥੇਬੰਦੀ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਨੌਜਵਾਨਾਂ, ਬੁਧੀਜੀਵੀਆਂ ਤੇ ਆਮ ਲੋਕਾਂ ਨੂੰ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਕੇ ਵਿਚਾਰ ਚਰਚਾ ਵਿਚ ਭਾਗ ਲੈਣ ਦੀ ਅਪੀਲ ਕੀਤੀ |