ਸੁਨਾਮ ਊਧਮ ਸਿੰਘ ਵਾਲਾ, 13 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਪਿਛਲੀਆਂ ਕਈ ਫ਼ਸਲਾਂ ਤੇ ਪੈ ਰਹੀਆਂ ਲਗਾਤਾਰ ਮਾਰਾਂ ਕਾਰਨ ਕਿਸਾਨੀ ਦਾ ਲੱਕ ਟੁੱਟ ਚੁੱਕਿਆ ਹੈ, ਕਿਉਂਕਿ ਕਿਸਾਨ ਆਪ ਭੁੱਖਣ ਭਾਣੇ ਰਹਿ ਕੇ ਜੇਠ ਦੀਆਂ ਧੁੱਪਾਂ ਵਿੱਚ ਨੰਗੇ ਪੈਰੀ ਤਪ ਦੀ ਰੇਤ ਉੱਪਰ ਅਤੇ ਪੋਹ ਦੀਆਂ ਰਾਤਾਂ ਵਿੱਚ ਠੰਡੇ ਪਾਣੀ ਵਿਚ ਦਿਨ ਰਾਤ ਮਿਹਨਤ ਕਰ ਕੇ ਦੇਸ਼ ਦੇ ਕਰੋੜਾਂ ਲੋਕਾਂ ਦਾ ਕੁਦਰਤੀ ਅਤੇ ਸਰਕਾਰੀ ਮਾਰਾਂ ਝੱਲਦੇ ਹੋਏ ਢਿੱਡ ਭਰਦਾ ਹੈ ਪਰ ਕਿਸਾਨ ਦੀ ਆਪਣੀ ਇਸੇ ਫ਼ਸਲ ਉੱਪਰ ਹੀ ਧੀ ਦੇ ਵਿਆਹ ਦੀ, ਆੜ੍ਹਤੀਏ ਦੇ ਕਰਜ ਦੀ ਅਤੇ ਬੈਂਕ ਦੀਆਂ ਲਿਮਟਾਂ ਭਰਨ ਦੀ ਆਸ ਉਮੀਦ ਉਸ ਸਮੇਂ ਟੁੱਟ ਜਾਂਦੀ ਹੈ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਪ੍ਰਬੰਧ ਪੁਖ਼ਤਾ ਹੋਣ ਅਤੇ ਕਣਕ ਦਾ ਦਾਣਾ ਦਾਣਾ ਚੁੱਕਣ ਦਾ ਦਾਅਵਾ ਕਰਨ ਵਾਲੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਅੱਜ 13 ਅਪ੍ਰੈਲ ਤੱਕ ਵੀ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਸੁਚੱਜੇ ਢੰਗ ਨਾਲ ਚਾਲੂ ਨਹੀਂ ਕਰਵਾਈ ਜਾ ਸਕੀ ਅਤੇ ਸਰਕਾਰ ਦੀ ਇਸ ਨਕਾਮੀ ਅਤੇ ਸਰਕਾਰ ਦੇ ਇਨ੍ਹਾਂ ਨਿਕੰਮੇ ਪ੍ਰਬੰਧਾਂ ਕਾਰਨ ਮੌੜ ਮੰਡੀ ਵਿੱਚ ਬੈਠੇ ਇੱਕ ਕਿਸਾਨ ਦੀ ਮੌਤ ਵੀ ਹੋ ਚੁੱਕੀ ਹੈ | ਚੱਠਾ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਨੂੰ ਚਾਲੂ ਕਰੇ ਅਤੇ ਕਿਸਾਨਾਂ ਦਾ ਦਾਣਾ ਦਾਣਾ ਖ਼ਰੀਦਣ ਦਾ ਤੁਰੰਤ ਪ੍ਰਬੰਧ ਕਰੇ ਅਤੇ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਬੰਦ ਕਰਦੇ ਹੋਏ ਰਾਜਸਥਾਨ ਵਿੱਚ ਫ਼ਸਲਾਂ ਦੇ ਹੋਏ ਨੁਕਸਾਨ ਤੋਂ ਬਾਅਦ ਕਣਕ ਦੀ ਖ਼ਰੀਦ ਸਮੇਂ ਨੁਕਸਾਨੇ ਗਏ ਦਾਣੇ ਲਈ ਰਾਜਸਥਾਨ ਵਿੱਚ ਦਿੱਤੀ ਗਈ ਖ਼ਰੀਦ ਦੇ ਮਾਪ ਦੰਡਾਂ ਵਿੱਚ ਰਿਆਇਤ ਵਾਂਗੂ ਹੀ ਪੰਜਾਬ ਵਿੱਚ ਵੀ ਕਣਕ ਦੀ ਖ਼ਰੀਦ ਵਿੱਚ ਵਰਤੇ ਜਾਂਦੇ ਮਾਪ ਦੰਡਾਂ ਵਿੱਚ ਢਿੱਲ ਦੇਵੇ ਅਤੇ ਜੇਕਰ ਸਰਕਾਰ ਵੱਲੋਂ ਤੁਰੰਤ ਮੰਡੀਆਂ ਵਿੱਚ ਸਰਕਾਰੀ ਖ਼ਰੀਦ ਚਾਲੂ ਨਾਂ ਕੀਤੀ ਗਈ ਤਾਂ ਫਿਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਆਪਣੇ ਲੋਕਾਂ ਦੇ ਹੱਕ ਵਿੱਚ ਖੜਦੇ ਹੋਏ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ |