ਮਲੇਰਕੋਟਲਾ, 16 ਅਪ੍ਰੈਲ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਜ਼ਿਲ੍ਹਾ ਮਲੇਰਕੋਟਲਾ ਦੇ ਮਨੁੱਖੀ ਅਧਿਕਾਰ ਕੋਰ ਗਰੁੱਪ ਮੈਂਬਰਾਂ ਨੇ ਬੱਸ ਸਟੈਂਡ ਦੇ ਨਾਲ ਅਤੇ ਬਾਬਾ ਬੋਦਲੇ ਸਾਹਿਬ ਦਰਗਾਹ ਨੇੜੇ ਖੰਨਾ ਰੋਡ ਤੇ ਬਨੇ ਕੂੜਾ ਡੰਪਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਸਨੈਟਰੀ ਇੰਸਪੈਕਟਰ ਵੀ ਸਨ | ਕਰੀਬ ਦੋ ਮਹੀਨੇ ਪਹਿਲਾਂ ਜਤਿੰਦਰ ਸਿੰਘ ਸੰਟੀ ਮੈਂਬਰ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਇਨ੍ਹਾਂ ਥਾਵਾਂ ਦਾ ਦੌਰਾ ਕੀਤਾ ਸੀ ਜਿੱਥੇ ਬਹੁਤ ਬੁਰੇ ਹਾਲਾਤ ਸਨ ਕੂੜਾ ਭਰਿਆ ਪਿਆ ਸੀ ਜੋਕਿ ਸੜਕ ਤੇ ਵੀ ਆਉਂਦਾ ਸੀ ਅਤੇ ਬਦਬੂ ਨਾਲ ਲੋਕਾਂ ਦਾ ਲੰਘਣਾ ਅਤੇ ਆਲੇ ਦੁਆਲਾ ਦੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਰਿਹਾ ਸੀ | ਮੈਂਬਰ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਸਬੰਧੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ | ਜਾਣਕਾਰੀ ਦਿੰਦਿਆਂ ਮੈਂਬਰ ਨਦੀਮ ਅਨਵਾਰ ਖਾਂ ਨੂੰ ਦੱਸਿਆ ਕਿ ਮੈਂਬਰ ਜਤਿੰਦਰ ਸਿੰਘ ਸ਼ੰਟੀ ਦੀਆਂ ਨਿੱਜੀ ਕੋਸ਼ਿਸ਼ਾਂ ਅਤੇ ਵਾਰ ਵਾਰ ਦਿੱਤੇ ਯਾਦ ਪੱਤਰ ਦੇ ਬਾਦ ਪ੍ਰਸ਼ਾਸਨ ਵੱਲੋਂ ਬੱਸ ਸਟੈਂਡ ਦੇ ਨਾਲ ਵਾਲੀ ਜਗਾ ਤੇ ਰਾਸਤਾ ਸਾਫ਼ ਕਰ ਦਿੱਤਾ ਗਿਆ ਹੈ ਅਤੇ ਉਕਤ ਥਾਂ ਦੀ ਦੀਵਾਰ ਅਤੇ ਚਾਦਰਾਂ ਲਈਆਂ ਗਈਆਂ ਹਨ ਅਤੇ ਜੇਸੀਬੀ ਨਾਲ ਸਾਫ਼ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਇਲਾਕੇ ਦੇ ਲੋਕਾਂ ਵੱਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਬਾਬਾ ਬੋਦਲੇ ਸਾਹਿਬ ਦਰਗਾਹ ਖੰਨਾ ਰੋਡ ਨੇੜੇ ਕੁੜੇ ਦੇ ਡੰਪ ਸੰਬੰਧੀ ਕੌਰ ਗਰੁੱਪ ਮੈਂਬਰਾਂ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਥਾਂ ਤੇ ਸਾਫ਼ ਸਫ਼ਾਈ ਦਾ ਕੰਮ ਚੱਲ ਰਿਹਾ ਹੈ ਅਤੇ ਹਫ਼ਤੇ ਦੋ ਹਫ਼ਤੇ ਦੇ ਅੰਦਰ ਕੰਮ ਮੁਕੰਮਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਕੂੜਾ ਚੁੱਕਿਆ ਜਾ ਰਿਹਾ ਹੈ ਅਤੇ ਉਸ ਤੋਂ ਬਾਦ ਮਿੱਟੀ ਪਾਉਣ ਦਾ ਕੰਮ ਸ਼ੁਰੂ ਹੋਏਗਾ | ਨਦੀਮ ਅਨਵਾਰ ਖਾਂ ਨੇ ਪ੍ਰਸ਼ਾਸਨ ਨੂੰ ਜਲਦੀ ਕੰਮ ਮੁਕੰਮਲ ਕਰਨ ਲਈ ਕਿਹਾ | ਇਸ ਮੌਕੇ ਡੰਪ ਨੂੰ ਚੁਕਵਾਉਣ ਲਈ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਪ੍ਰਵੇਜ਼ ਖਾਂ ਅਤੇ ਹੋਰ ਧਰਨਾਕਾਰੀਆਂ ਨੂੰ ਕੌਰ ਗਰੁੱਪ ਮੈਂਬਰਾਂ ਨੇ ਮਿਲ ਕੇ ਤਸੱਲੀ ਦਿਵਾਈ ਕਿ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਛੇਤੀ ਹੀ ਮੁਕੰਮਲ ਹੋ ਜਾਵੇਗਾ | ਇਸ ਮੌਕੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਜ਼ਿਲ੍ਹਾ ਕੋਰ ਗਰੁੱਪ ਮੈਂਬਰ ਸੁਹੈਬ ਅਹਿਮਦ ਖਾਂ ਸ਼ੈਬੀ, ਜਿਸ਼ਾਨ ਕੁਰੈਸ਼ੀ, ਮੰਜੂ ਹਰਕਿਰਨ, ਅਜ਼ਹਰ ਖਾਂ, ਹਰਬੰਸ ਸਿੰਘ, ਬੇਅੰਤ ਸਿੰਘ, ਨਵਦੀਪ ਸਿੰਘ, ਸ਼ਾਹਿਦ ਅਤੇ ਸਾਦੀਆ ਆਦਿ ਵੀ ਮੌਜੂਦ ਸਨ |