ਖਨੌਰੀ, 17 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਅਨਾਜ ਮੰਡੀ ਖਨੌਰੀ ਦਾ ਦੌਰਾ ਕੀਤਾ ਅਤੇ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਖ਼ਰੀਦ ਹੋਣ ਦੀ ਉਡੀਕ ਵਿਚ ਬੈਠੇ ਕਿਸਾਨਾਂ ਨਾਲ ਗੱਲਬਾਤ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਅੱਜ ਸਵੇਰ ਤੋਂ ਲਹਿਰੇ ਮੰਡੀ ਤੋਂ ਲੈ ਕੇ ਖਨੌਰੀ ਤੱਕ ਕਰੀਬ 10 ਮੰਡੀਆਂ ਦਾ ਦੌਰਾ ਕੀਤਾ ਤੇ ਮੈਨੂੰ ਇਹ ਕਹਿੰਦਿਆਂ ਬੜਾ ਅਫ਼ਸੋਸ ਹੁੰਦਾ ਤੇ ਦੁੱਖ ਹੁੰਦਾ ਕਿ ਕਿਸਾਨ ਅਤੇ ਮਜ਼ਦੂਰ ਪਿਛਲੇ ਕਰੀਬ 15 ਦਿਨਾਂ ਤੋਂ ਮੰਡੀਆਂ ਦੇ ਵਿੱਚ ਰੁਲਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਬੁਰਾ ਹਾਲ ਹੈ ਜਦੋਂ ਕਿ ਹਾਲੇ ਤੱਕ ਇੱਕ ਵੀ ਦਾਣਾ ਕਿਸੇ ਵੀ ਮੰਡੀ 'ਚ ਹੁਣ ਤੱਕ ਪਿਛਲੇ 15 ਦਿਨਾਂ 'ਚ ਨਹੀਂ ਖ਼ਰੀਦਿਆ ਗਿਆ | ਉਨ੍ਹਾਂ ਕਿਹਾ ਕਿ ਹੁਣ ਹਾਲਾਤ ਇਹ ਹੋ ਗਏ ਵੀ ਤਕਰੀਬਨ 90 ਫ਼ੀਸਦੀ ਕਣਕ ਮੰਡੀਆਂ 'ਚ ਆ ਚੁੱਕੀ ਹੈ | ਕੁੱਝ ਮੰਡੀਆਂ 'ਚ ਪਈ ਹੈ, ਕੁੱਝ ਸ਼ੈਲਰਾਂ 'ਚ ਪਈ ਹੈ, ਕੁੱਝ ਸੜਕਾਂ ਤੇ ਵੀ ਰੁਲ ਰਹੀ ਹੈ ਤੇ ਇਹ ਸਾਰੀ ਕਣਕ ਖ਼ਰੀਦ ਨਾ ਹੋਣ ਕਾਰਨ ਰੁਲ ਰਹੀ ਹੈ ਅਤੇ ਕਿਸਾਨ ਖੱਜਲ ਖ਼ੁਆਰ ਹੋ ਰਹੇ ਹਨ | ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਜਿਹੇ ਮਾੜੇ ਹਾਲਤ ਕਦੇ ਨਹੀਂ ਸੀ ਹੋਏ ਅਤੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਸ ਆਪ ਸਰਕਾਰ ਦੇ ਰਾਜ ਵਿੱਚ ਕਿਸਾਨਾਂ ਦੀ ਫ਼ਸਲ ਸੜਕਾਂ ਦੇ ਉੱਤੇ ਰੁਲੇਗੀ ਅਤੇ ਫਿਰ ਵੀ ਮੈਂ ਸਮਝਦਾ ਹਾਂ ਕਿ ਇਨ੍ਹਾਂ ਕਿਸਾਨਾਂ ਦਾ ਧੀਰਜ ਹੈ ਜਿਹੜਾ ਇੰਨੇ ਦਿਨ ਬੈਠਣ ਦੇ ਬਾਵਜੂਦ ਵੀ ਉਨ੍ਹਾਂ ਨੇ ਹਾਲੇ ਤੱਕ ਸਰਕਾਰ ਦੇ ਖ਼ਿਲਾਫ਼ ਅੱਜ ਤੱਕ ਕੋਈ ਐਕਸ਼ਨ ਨਹੀਂ ਲਿਆ | ਇਸ ਮੌਕੇ ਪਿੰਡ ਗਲੋਲੀ ਦੇ ਵਾਸਦੇਵ ਸਿੰਘ ਨੇ ਕਿਹਾ ਕਿ ਮੈਂ ਪਿਛਲੇ 10 ਦਿਨਾਂ ਤੋਂ ਅਨਾਜ ਮੰਡੀ ਵਿੱਚ ਬੈਠਾ ਹਾਂ ਇਸੇ ਪ੍ਰਕਾਰ ਜਗੀਰ ਸਿੰਘ ਠੀਂਗ ਮਤੌਲੀ ਨੇ ਵੀ ਕਿਹਾ ਕਿ ਉਹ ਵੀ ਇੱਕ ਅਪ੍ਰੈਲ ਤੋਂ ਇਸ ਅਨਾਜ ਮੰਡੀ ਵਿੱਚ ਬੈਠੇ ਕਣਕ ਦੀ ਖ਼ਰੀਦ ਉਡੀਕ ਰਹੇ ਹਨ | ਇਸ ਮੌਕੇ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਪਾਲ ਸਿੰਘ ਗੇਹਲਾਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬਲਰਾਜ ਸ਼ਰਮਾ, ਰਾਜੇਸ਼ ਕੁਮਾਰ ਰਾਜਾ ਸ਼ਹਿਰੀ ਪ੍ਰਧਾਨ, ਵਿਕਾਸ ਸਿੰਗਲਾ ਟੀਟੂ, ਸ਼ਾਮ ਲਾਲ ਸਾਬਕਾ ਪ੍ਰਧਾਨ ਸਮੇਤ ਹੋਰ ਵੀ ਕਈ ਪਤਵੰਤੇ ਵਿਅਕਤੀ, ਆੜ੍ਹਤੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ |