ਸ਼ੇਰਪੁਰ, 18 ਅਪ੍ਰੈਲ (ਮੇਘ ਰਾਜ ਜੋਸ਼ੀ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਈਨਾ ਬਾਜਵਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਪ੍ਰਤੀਸ਼ਤ ਨਤੀਜਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮਹਿੰਦਰ ਪ੍ਰਤਾਪ ਅਤੇ ਕਲਾਸ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਸੈਸ਼ਨ 2025-26 ਦੌਰਾਨ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੱਲ 23 ਵਿਦਿਆਰਥੀ ਬੈਠੇ ਸਨ ਅਤੇ ਸਾਰੇ ਹੀ ਵਿਦਿਆਰਥੀ ਸਫਲ ਰਹੇ | ਉਨ੍ਹਾਂ ਦੱਸਿਆ ਕਿ ਨਵਜੋਤ ਕੌਰ (ਅੰਗਰੇਜ਼ੀ ਮਾਧਿਅਮ) ਨੇ ਪਹਿਲਾ ਸਥਾਨ, ਰਵਨੀਤ ਕੌਰ ਨੇ ਦੂਸਰਾ ਅਤੇ ਪਰਮਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਸਫਲ ਹੋਏ ਵਿਦਿਆਰਥੀਆਂ ਵਿੱਚੋਂ 19 ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ, ਜਿਨ੍ਹਾਂ ਵਿੱਚੋਂ 8 ਨੇ 80 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸਕੂਲ ਦਾ ਮਾਣ ਵਧਾਇਆ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਇਆ ਸ਼ਾਨਦਾਰ 100 ਪ੍ਰਤੀਸ਼ਤ ਨਤੀਜਾ ਸਮੁੱਚੀ ਅਧਿਆਪਕ ਟੀਮ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਸਫਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ |