ਅਮਰਗੜ੍ਹ, 20 ਅਪ੍ਰੈਲ (ਜਤਿੰਦਰ ਮੰਨਵੀ)-ਅਮਰਗੜ੍ਹ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ 1 ਕਿੱਲੋ 80 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ ਸੁਖਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨਸ਼ਾ ਤਸਕਰ ਜੋ ਅਫ਼ੀਮ ਵੇਚਣ ਦਾ ਆਦੀ ਹੈ, ਅਮਰਗੜ੍ਹ ਇਲਾਕੇ 'ਚ ਅਫ਼ੀਮ ਦੀ ਸਪਲਾਈ ਕਰਦਾ ਹੈ ਅਤੇ ਮਾਹੋਰਾਣਾ-ਤੋਲੇਵਾਲ ਵੱਲ ਆ ਰਿਹਾ ਹੈ | ਇਸ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਮਾਹੋਰਾਣਾ ਨਹਿਰ ਪੁਲ ਤੇ ਨਾਕਾਬੰਦੀ ਕਰ ਕੇ ਕਥਿਤ ਦੋਸ਼ੀ ਪ੍ਰਦੀਪ ਕੁਮਾਰ ਪੁੱਤਰ ਹਰੀ ਚੰਦ ਵਾਸੀ ਐਸਸੀਐਫ-1 ਰਣਜੀਤ ਐਵਨਿਊ ਮਸਕੀਆਣਾ ਰੋਡ ਮੂਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫਤਾਰ ਕਰ ਲਿਆ | ਤਲਾਸ਼ੀ ਦੌਰਾਨ ਉਸ ਪਾਸੋਂ 1 ਕਿੱਲੋ 80 ਗ੍ਰਾਮ ਅਫ਼ੀਮ ਬਰਾਮਦ ਹੋਈ ਹੈ | ਬਹਰਹਾਲ ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |