ਲਹਿਰਾਗਾਗਾ, 20 ਅਪ੍ਰੈਲ (ਅਸ਼ੋਕ ਗਰਗ)-ਖੇਤਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ | ਜਿਸ ਨਾਲ ਕਿਸਾਨਾਂ ਦੀ ਸਿਰਦਰਦੀ ਵੱਧ ਗਈ ਹੈ | ਅੱਜ ਸਵੇਰੇ ਅੜਕਵਾਸ ਖਾਈ ਲਿੰਕ ਰੋਡ ਨੇੜੇ ਖੇਤਾਂ ਵਿੱਚ ਬਿਜਲੀ ਸਪਾਰਕਿੰਗ ਹੋਣ ਨਾਲ 35 ਏਕੜ ਤੋਂ ਵੱਧ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਹੈ | ਕਿਸਾਨ ਆਗੂ ਮਨਜੀਤ ਸਿੰਘ ਅਤੇ ਕਿਸਾਨ ਆਗੂ ਗੁਰਮੇਲ ਸਿੰਘ ਖਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਸਵੇਰੇ ਕਿਸਾਨ ਧਰਮਿੰਦਰ ਸਿੰਘ ਅੜਕਵਾਸ ਦਾ 8 ਏਕੜ, ਕੁਲਦੀਪ ਸਿੰਘ ਦਾ 6 ਏਕੜ, ਗੋਰਾ ਸਿੰਘ ਦਾ 6 ਏਕੜ, ਜੋਰਾ ਸਿੰਘ ਦਾ 3 ਏਕੜ, ਹੈਪੀ ਸਿੰਘ ਦਾ 2 ਏਕੜ ਅਤੇ ਗੁਰਮੇਲ ਸਿੰਘ ਖਾਈ ਦੇ ਖੇਤ ਵਿੱਚ ਖੜਿਆ 10 ਏਕੜ ਕਣਕ ਦਾ ਨਾੜ ਸੜ ਕੇ ਸਵਾਹ ਹੋ ਗਿਆ ਹੈ | ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਕਿਸਾਨਾਂ ਨੇ ਪੂਰੀ ਜੱਦੋ ਜਾਹਿਦ ਨਾਲ ਅੱਗ ਉੱਪਰ ਕਾਬੂ ਪਾਣ ਦਾ ਯਤਨ ਕੀਤਾ | ਇਸ ਤੋਂ ਇਲਾਵਾ ਲਹਿਰਾਗਾਗਾ ਦੇ ਨੇੜਲੇ ਪਿੰਡ ਕੋਟੜਾ ਲਹਿਲ ਵਿਖੇ ਦੁਪਹਿਰ 12 ਕੁ ਵਜੇ ਅੱਗ ਲੱਗਣ ਕਾਰਨ ਲਗਭਗ 30 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਸਬੰਧਿਤ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਅੱਜ ਜਦੋਂ ਕਣਕ ਦੇ ਨਾੜ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਪਿੰਡ ਦੇ ਲੋਕ ਆਪਣੇ ਟਰੈਕਟਰ ਅਤੇ ਪਾਣੀ ਵਾਲੇ ਟੈਂਕਰ ਲੈ ਕੇ ਆਪ ਮੁਹਾਰੇ ਘਟਨਾ ਵਾਲੀ ਸਥਾਨ ਤੇ ਪਹੁੰਚੇ ਅਤੇ ਫਾਇਰ ਬਿ੍ਗੇਡ ਨੂੰ ਮੰਗਾਇਆ ਗਿਆ, ਅੱਗ ਇੰਨੀ ਭਿਆਨਕ ਸੀ ਜਿਸ ਦੀਆਂ ਲਪਟਾਂ ਅਤੇ ਧੂਏ ਦਾ ਗਵਾਰ ਅਸਮਾਨ ਨੂੰ ਛੂ ਰਿਹਾ ਸੀ, ਪਰ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਅਤੇ ਲੋਕਾਂ ਵੱਲੋਂ ਭਾਰੀ ਜੱਦੋ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ, ਇਸ ਘਟਨਾ ਸਬੰਧੀ ਕਿਸਾਨ ਗੁਰਜੰਟ ਸਿੰਘ ਜੰਟੀ ਅਤੇ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਅੱਗ ਲੱਗਣ ਕਾਰਨ ਕਿਸਾਨ ਜਗਰੂਪ ਸਿੰਘ ਦਾ ਪੰਜ ਏਕੜ, ਲਛਮਣ ਸਿੰਘ ਦਾ ਚਾਰ ਏਕੜ, ਗੁਰਜੰਟ ਸਿੰਘ ਜੰਟੀ ਦਾ ਚਾਰ ਏਕੜ, ਦਰਸ਼ਨ ਸਿੰਘ ਖਾਈ ਦਾ ਅੱਠ ਏਕੜ, ਨਛੱਤਰ ਸਿੰਘ ਦਾ ਢਾਈ ਏਕੜ, ਬੂਟਾ ਸਿੰਘ ਦੇ ਤਿੰਨ ਏਕੜ ਤੋਂ ਇਲਾਵਾ ਕੁਲਵੰਤ ਸਿੰਘ ਦਾ ਚਾਰ ਏਕੜ ਨਾੜ ਸੜ ਕੇ ਸੁਆਹ ਹੋ ਗਿਆ, ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਪੀੜਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ |
ਪਿੰਡ ਅੜਕਵਾਸ ਅਤੇ ਕੋਟੜਾ ਲਹਿਲ ਵਿਖੇ 65 ਏਕੜ ਕਣਕ ਦੇ ਨਾੜ ਨੂੰ ਲੱਗੀ ਅੱਗ <br/>
ਅਜੀਤ ਡੈਸਕ
21-04-2026