ਮਲੇਰਕੋਟਲਾ, 24 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਅੱਜ ਰਾਤ 8 ਵਜੇ ਅਰਿਹੰਤ ਸਪਿਨਿੰਗ ਮਿੱਲਜ਼ ਦੇ ਰਿਹਾਇਸੀ ਖੇਤਰਾਂ ਵਿਖੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਸਫਲਤਾਪੂਰਵਕ ਕਰਵਾਈ ਗਈ | ਇਹ ਮੌਕ ਐਕਸਰਸਾਈਜ਼ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨ ਦੇ ਮੱਦੇਨਜ਼ਰ ਆਯੋਜਿਤ ਕੀਤੀ ਗਈ | ਡਿਪਟੀ ਕਮਿਸ਼ਨਰ ਵਿਰਾਜ ਐੱਸ.ਤਿੜਕੇ ਦੀਆਂ ਹਦਾਇਤਾਂ ਤੇ ਐੱਸ.ਡੀ.ਐੱਮ. ਮਲੇਰਕੋਟਲਾ ਕਨੂ ਗਰਗ ਦੀ ਦੇਖ-ਰੇਖ ਹੇਠ ਕਰਵਾਈ ਗਈ | ਇਸ ਮੌਕ ਐਕਸਰਸਾਈਜ਼ ਦੌਰਾਨ ਏਅਰ ਰੇਡ ਚੇਤਾਵਨੀ ਸਿਗਨਲ ਸਾਇਰਨਾਂ ਰਾਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਨਿਰਧਾਰਤ ਖੇਤਰ ਵਿੱਚ ਬਲੈਕਆਊਟ ਕਰਕੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਦਾ ਅਭਿਆਸ ਕੀਤਾ ਗਿਆ | ਬਿਜਲੀ ਵਿਭਾਗ ਵੱਲੋਂ ਨਿਰਧਾਰਤ ਇਲਾਕੇ ਵਿੱਚ ਕੁਝ ਸਮੇਂ ਲਈ ਬਿਜਲੀ ਬੰਦ ਕਰਕੇ ਪ੍ਰਕਿਰਿਆ ਨੂੰ ਸਫਲਤਾਪੂਰਵਕ ਅਮਲ ਵਿੱਚ ਲਿਆਂਦਾ ਗਿਆ | ਇਸ ਅਭਿਆਸ ਵਿੱਚ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਫਾਇਰ ਬਿ੍ਗੇਡ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ, ਸਥਾਨਕ ਸਰਕਾਰਾਂ ਅਤੇ ਐਨ.ਸੀ.ਸੀ ਸਮੇਤ ਵੱਖ-ਵੱਖ ਵਿਭਾਗਾਂ ਵੱਲੋਂ ਸਾਂਝੇ ਤੌਰ 'ਤੇ ਭਾਗ ਲਿਆ ਗਿਆ | ਇਸ ਮੌਕੇ ਰੈਸਕਿਊ ਕਾਰਵਾਈਆਂ, ਮੁੱਢਲੀ ਸਹਾਇਤਾ, ਅੱਗ ਬੁਝਾਉਣ, ਜ਼ਖਮੀਆਂ ਦੀ ਸੰਭਾਲ ਅਤੇ ਹੋਰ ਐਮਰਜੈਂਸੀ ਪ੍ਰੋਟੋਕੋਲ ਦਾ ਅਭਿਆਸ ਕਰਕੇ ਤਿਆਰੀ ਦੀ ਜਾਂਚ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਕਨੂ ਗਰਗ ਨੇ ਦੱਸਿਆ ਕਿ ਇਸ ਮੌਕ ਐਕਸਰਸਾਈਜ਼ ਦਾ ਮੁੱਖ ਉਦੇਸ਼ ਐਮਰਜੈਂਸੀ ਸਥਿਤੀਆਂ ਦੌਰਾਨ ਤੁਰੰਤ ਅਤੇ ਸੁਚੱਜੀ ਪ੍ਰਤੀਕਿਰਿਆ ਦੇਣ ਲਈ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਸ ਭਵਿੱਖ ਵਿੱਚ ਕਿਸੇ ਵੀ ਆਫ਼ਤ ਜਾਂ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ | ਉਨ੍ਹਾਂ ਮੌਕ ਐਕਸਰਸਾਈਜ਼ ਵਿੱਚ ਭਾਗ ਲੈਣ ਵਾਲੇ ਸਮੂਹ ਵਿਭਾਗਾਂ ਅਤੇ ਸਹਿਯੋਗ ਦੇਣ ਵਾਲੇ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਾਂਝੀ ਕਵਾਇਦ ਨਾਲ ਜ਼ਿਲ੍ਹੇ ਦੀ ਐਮਰਜੈਂਸੀ ਤਿਆਰੀ ਹੋਰ ਮਜ਼ਬੂਤ ਹੋਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਇਹ ਇੱਕ ਰੂਟੀਨ ਅਭਿਆਸ ਸੀ ਅਤੇ ਇਸ ਦਾ ਕਿਸੇ ਵੀ ਤਰ੍ਹਾਂ ਦੀ ਅਸਲੀ ਹੰਗਾਮੀ ਸਥਿਤੀ ਨਾਲ ਕੋਈ ਸੰਬੰਧ ਨਹੀਂ ਹੈ | ਇਸ ਮੌਕੇ ਡੀ.ਐੱਸ.ਪੀ. ਯਾਦਵਿੰਦਰ ਸਿੰਘ, ਕੰਪਨੀ ਕਮਾਂਡਰ ਰੁਪਿੰਦਰ ਸਿੰਘ, ਜ਼ਿਲ੍ਹਾ ਫਾਇਰ ਅਫ਼ਸਰ ਜਸਪ੍ਰੀਤ ਸਿੰਘ, ਮੈਨੇਜਰ (ਐਚ.ਐਰ) ਅਰਿਹੰਤ ਸਪੀਨਿੰਗ ਮਿੱਲਸ ਰਾਜ ਕੁਮਾਰ, ਅਰਿਹੰਤ ਸਪੀਨਿੰਗ ਮਿੱਲ ਤੋਂ ਪ੍ਰੀਤਪਾਲ ਸਿੰਘ , ਸੀ.ਐੱਸ.ਓ.ਸੰਜੀਵ ਸਰਮਾਂ ਤੋਂ ਇਲਾਵਾ ਐਮਰਜੈਂਸੀ ਸਮੇਂ ਮੁੱਢਲੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |