ਲਹਿਰਾਗਾਗਾ, 28 ਅਪ੍ਰੈਲ (ਅਸ਼ੋਕ ਗਰਗ)-ਪਿੰਡ ਸੰਗਤਪੁਰਾ ਵਿਖੇ ਸਰਪੰਚ ਹਰਪਾਲ ਸਿੰਘ ਦੇ ਨਿਵਾਸ ਵਿਖੇ ਹੋਏ ਇਕੱਠ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ ਨੂੰ ਲੱਡੂਆਂ ਨਾਲ ਤੋਲਕੇ ਸਨਮਾਨਿਤ ਕੀਤਾ ਗਿਆ | ਉਹ ਨਹਿਰੀ ਵਿਭਾਗ ਵਲੋਂ 2 ਕਰੋੜ ਦੀ ਲਾਗਤ ਨਾਲ ਖੇਤਾਂ 'ਚ ਵਿਛਾਈ ਜਾ ਰਹੀ ਪਾਈਪਲਾਈਨ ਦੇ ਕੰਮ ਸ਼ੁਰੂ ਕਰਵਾਉਣ ਪਹੁੰਚੇ ਹੋਏ ਸਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਤਰੱਕੀ ਅਤੇ ਲੋਕ ਭਲਾਈ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਭਿ੍ਸ਼ਟਾਚਾਰ ਮੁਕਤ ਤੇ ਵਿਕਸਿਤ ਪੰਜਾਬ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ | ਇਸ ਮੌਕੇ ਗੁਰਪਾਲ ਸਿੰਘ ਨਿੱਕਾ, ਟਰੱਕ ਯੂਨੀਅਨ ਲਹਿਰਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਸੰਗਤਪੁਰਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ |