ਸੰਗਰੂਰ, 4 ਮਈ (ਧੀਰਜ ਪਸੋਰੀਆ) - ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾ ਹੁਣ ਤੱਕ ਉਨ੍ਹਾਂ ਸੈਂਕੜੇ ਬਜ਼ੁਰਗਾਂ ਦਾ ਸਹਾਰਾ ਬਣ ਚੁੱਕਾ ਹੈ ਜਿਹਨਾ ਬਜ਼ੁਰਗਾਂ ਨੂੰ ਘਰਾਂ ਵਿਚੋਂ ਢੋਈ ਨਹੀਂ ਮਿਲੀ | ਪੁੱਤਾਂ-ਧੀਆਂ ਵਲੋਂ ਦੁਤਕਾਰ ਕੇ ਘਰੋਂ ਕੱਢੇ ਬਜ਼ੁਰਗਾਂ ਨੂੰ ਇਹ ਆਸ਼ਰਮ ਸਹਾਰਾ ਦੇ ਕੇ ਉਨ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਦੀ ਪੂਰਤੀ ਲਈ ਸਹਾਈ ਹੋ ਰਿਹਾ ਹੈ | ਜੇਕਰ ਇਸ ਬਿਰਧ ਆਸ਼ਰਮ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਮਾਤਾ ਚਤੁਰ ਕੌਰ 1952- 53 ਦੇ ਸਮੇਂ ਦੌਰਾਨ ਬਡਰਖਾਂ ਸਕੂਲ ਵਿਚ ਪੰਜਾਬੀ ਅਧਿਆਪਕ ਨਿਯੁਕਤ ਹੋਏ ਸਨ ਜਿਸ ਤੋਂ ਬਾਅਦ ਉਹ ਇੱਥੇ ਹੀ ਰਹਿਣ ਲੱਗ ਪਏ | ਪਹਿਲਾਂ ਕਿਰਾਏ ਦੇ ਮਕਾਨ ਵਿਚ ਰਹੇ ਫਿਰ ਇਸ ਬਿਰਧ ਆਸ਼ਰਮ ਵਾਲੀ ਜਗ੍ਹਾ ਵਿਚ ਉਨ੍ਹਾਂ ਆਪਣਾ ਮਕਾਨ ਬਣਾ ਲਿਆ | ਇਹਨਾਂ ਦੇ ਤਿੰਨ ਲੜਕੇ ਗੁਰਬਚਨ ਸਿੰਘ ਇੰਗਲੈਂਡ, ਮਨਜੀਤ ਸਿੰਘ ਅਤੇ ਡਾਕਟਰ ਨਰਿੰਦਰ ਸਿੰਘ ਸਨ! ਡਾਕਟਰ ਨਰਿੰਦਰ ਸਿੰਘ ਅੱਖਾਂ ਦੇ ਮਸ਼ਹੂਰ ਡਾਕਟਰ ਸਨ | 1982 ਵਿਚ ਡਾਕਟਰ ਨਰਿੰਦਰ ਸਿੰਘ ਅਤੇ ਇਹਨਾਂ ਦੇ ਪਿਤਾ ਆਤਮਾ ਸਿੰਘ ਦਾ ਇੱਕੋ ਦਿਨ ਦਿਹਾਂਤ ਹੋ ਗਿਆ | ਡਾਕਟਰ ਨਰਿੰਦਰ ਸਿੰਘ ਦੇ ਕੋਈ ਅÏਲਾਦ ਨਹੀਂ ਸੀ | ਭਾਈ ਵੰਡ ਵਿਚ ਆਸ਼ਰਮ ਵਾਲੀ ਜਗ੍ਹਾ ਗੁਰਬਚਨ ਸਿੰਘ ਨੇ ਆਪਣੇ ਹਿੱਸੇ ਵਿਚ ਲੈ ਕੇ ਆਪਣੇ ਛੋਟੇ ਭਰਾ ਨਰਿੰਦਰ ਸਿੰਘ ਦੇ ਨਾਂ 'ਤੇ ਬਿਰਧ ਆਸ਼ਰਮ ਬਣਾਉਣ ਲਈ 1984 ਵਿਚ ਟਰੱਸਟ ਨੂੰ ਦੇ ਦਿੱਤੀ | 2002 ਵਿਚ 21 ਮੈਂਬਰੀ ਟਰੱਸਟ ਬਣਾਇਆ ਗਿਆ ਜਿਸ ਦੇ ਪ੍ਰਧਾਨ ਐਸਡੀਓ ਬਲਦੇਵ ਸਿੰਘ ਗੋਸਲ, ਸੈਕਟਰੀ ਅਨੰਦ ਪ੍ਰਕਾਸ਼ ਅਤੇ ਖ਼ਜ਼ਾਨਚੀ ਸ਼ਿਵਸਰਨ ਦਾਸ ਨੂੰ ਬਣਾਇਆ ਗਿਆ | ਗੁਰਬਚਨ ਸਿੰਘ ਵਲੋਂ ਇੰਗਲੈਂਡ ਤੋਂ ਭੇਜੇ 14 ਲੱਖ ਰੁਪਏ ਅਤੇ ਬਲਦੇਵ ਸਿੰਘ ਗੋਸਲ ਵਲੋਂ ਦਾਨ ਕੀਤੇ 3 ਲੱਖ ਰੁਪਏ ਨਾਲ 2010 ਵਿਚ ਆਸ਼ਰਮ ਦੀ ਮੌਜੂਦਾ ਬਿਲਡਿੰਗ ਤਿਆਰ ਕੀਤੀ ਗਈ | ਡਾਕਟਰ ਨਰਿੰਦਰ ਸਿੰਘ ਦੀ ਵੱਡੀ ਭੈਣ ਭਗਵੰਤ ਕੌਰ ਵਲੋਂ ਇਸ ਬਿਰਧ ਆਸ਼ਰਮ ਦਾ ਉਦਘਾਟਨ 26 ਸਤੰਬਰ 2010 ਨੂੰ ਕੀਤਾ ਗਿਆ | ਟਰੱਸਟ ਨੇ ਸ਼ੁਰੂ ਵਿਚ ਹੀ ਇਹ ਮਤਾ ਪਾ ਦਿੱਤਾ ਕਿ ਬਿਰਧ ਆਸ਼ਰਮ ਨੂੰ ਚਲਾਉਣ ਲਈ ਨਾ ਤਾਂ ਕਿਸੇ ਤੋਂ ਪੈਸਾ ਮੰਗਣਾ ਹੈ ਨਾ ਹੀ ਸਰਕਾਰੀ ਗ੍ਰਾਂਟ ਲੈਣੀ ਹੈ,ਆਪਣੀ ਸ਼ਰਧਾ ਅਨੁਸਾਰ ਜੋ ਕੋਈ ਕੁਝ ਦੇਣਾ ਚਾਹੇ ਦੇ ਸਕਦਾ ਹੈ | ਬਿਰਧ ਆਸ਼ਰਮ ਵਿਚ ਰਹਿਣ ਵਾਲੇ ਬਜ਼ੁਰਗਾਂ ਲਈ ਸਭ ਕੁਝ ਮੁਫ਼ਤ ਹੋਵੇਗਾ | ਇਸ ਸਮੇਂ ਬਿਰਧ ਆਸ਼ਰਮ ਦੇ ਪ੍ਰਧਾਨ ਤਾਂ ਬਲਦੇਵ ਸਿੰਘ ਗੋਸਲ ਹੀ ਹਨ ਪਰ ਇੰਜੀ: ਸੁਖਵਿੰਦਰ ਸਿੰਘ ਭੱਠਲ ਸੈਕਟਰੀ ਅਤੇ ਸ੍ਰੀ ਹੇਮ ਰਾਜ ਖ਼ਜ਼ਾਨਚੀ ਵਜੋਂ ਸੇਵਾ ਨਿਭਾ ਰਹੇ ਹਨ! ਬਲਦੇਵ ਸਿੰਘ ਗੋਸਲ ਜੋ ਬਿਰਧ ਆਸ਼ਰਮ ਬਣਾਉਣ ਤੋਂ ਲੈ ਕੇ ਹੁਣ ਤੱਕ ਸੇਵਾ ਕਰਦੇ ਆ ਰਹੇ ਹਨ, ਨੇ ਬਿਰਧ ਆਸ਼ਰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸ਼ਰਮ ਵਿਚ ਸ਼ਰਨ ਲੈਣ ਵਾਲੇ ਬਜ਼ੁਰਗ ਮਰਦ ਜਾਂ ਅÏਰਤ ਦੇ ਪੁੱਤ ਧੀਆਂ ਨੂੰ ਬੁਲਾ ਕੇ ਪਹਿਲੀ ਸਟੇਜ 'ਤੇ ਉਨ੍ਹਾਂ ਦੀ ਘਰ ਵਾਪਸੀ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ! ਅਜਿਹੇ ਕਈ ਤਿੜਕੇ ਹੋਏ ਰਿਸ਼ਤਿਆਂ ਨੂੰ ਫਿਰ ਤੋਂ ਜੋੜਨ ਲਈ ਸਫਲਤਾ ਵੀ ਮਿਲਦੀ ਹੈ | ਕਈ ਵਾਰ ਤਾਂ ਇੱਥੇ ਜਵਾਨ ਲੜਕੀਆਂ ਵੀ ਘਰੋਂ ਲੜ ਕੇ ਆ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਸਮਝਾ ਕੇ ਘਰਦਿਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਮੁੜ ਘਰ ਭੇਜ ਦਿੱਤਾ ਜਾਂਦਾ ਹੈ | ਟਰੱਸਟ ਦੇ ਸਾਰੇ ਮੈਂਬਰਾਂ ਅਤੇ ਮਹੀਨਾਵਾਰ ਦਾਨ ਦੇਣ ਵਾਲੇ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਸ ਬਿਰਧ ਆਸ਼ਰਮ ਵਿਚ ਕਿਸੇ ਵੀ ਸਮੇਂ ਕੋਈ ਘਾਟ ਮਹਿਸੂਸ ਨਹੀਂ ਹੋਈ | 12 ਹਵਾਦਾਰ ਕਮਰਿਆਂ ਵਿਚ ਇਸ ਸਮੇਂ ਦੋ ਦਰਜਨ ਦੇ ਕਰੀਬ ਬਜ਼ੁਰਗ ਆਪਣੇ ਜ਼ਿੰਦਗੀ ਦੇ ਸਫ਼ਰ ਨੂੰ ਅੱਗੇ ਤੋਰ ਰਹੇ ਹਨ | ਇਹਨਾਂ ਬਜ਼ੁਰਗਾਂ ਦੀ ਸੁੱਖ ਸਹੂਲਤ ਲਈ ਜਿੱਥੇ ਬਿਰਧ ਆਸ਼ਰਮ ਲਈ ਆਪਣਾ ਆਪ ਸਮਰਪਣ ਕਰ ਚੁੱਕੇ ਬਲਦੇਵ ਸਿੰਘ ਗੋਸਲ ਹਰ ਸਮੇਂ ਤਤਪਰ ਰਹਿੰਦੇ ਹਨ ਉੱਥੇ ਇਨਾ ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਚਾਰ ਕਰਮਚਾਰੀ ਵੀ ਰੱਖੇ ਹੋਏ ਹਨ | 'ਜੋ ਮਰਜ਼ੀ ਆਓ, ਜੋ ਮਰਜ਼ੀ ਖਾਓ' ਦੇ ਸਿਧਾਂਤ ਅਧੀਨ ਇੱਥੇ ਇਹਨਾਂ ਬਜ਼ੁਰਗਾਂ ਦੇ ਪਸੰਦ ਦਾ ਖਾਣਾ ਹੀ ਬਣਾਇਆ ਜਾਂਦਾ ਹੈ | ਆਸ਼ਰਮ ਵਿਚ ਬਜ਼ੁਰਗਾਂ ਦੇ ਮਨੋਰੰਜਨ ਲਈ ਟੈਲੀਵਿਜ਼ਨ, ਪੜ੍ਹਨ ਲਈ ਅਖ਼ਬਾਰ ਤੇ ਕਿਤਾਬਾਂ ਦਾ ਪ੍ਰਬੰਧ ਕੀਤਾ ਹੋਇਆ ਹੈ | ਸਮੇਂ ਸਮੇਂ ਸਿਰ ਧਾਰਮਿਕ ਸਮਾਗਮ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਕਰ ਕੇ ਆਸ਼ਰਤ ਬਜ਼ੁਰਗਾਂ ਦਾ ਮਨੋਰੰਜਨ ਵੀ ਕੀਤਾ ਜਾਂਦਾ ਹੈ | ਬਜ਼ੁਰਗਾਂ ਦੀ ਤੰਦਰੁਸਤੀ ਲਈ ਸਿਹਤਮੰਦ ਖਾਣਾ, ਦੁੱਧ ਅਤੇ ਫਲਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ | ਸਮੇਂ ਸਮੇਂ ਇਹ ਬਜ਼ੁਰਗ, ਪ੍ਰਬੰਧਕਾਂ ਦੇ ਧਿਆਨ ਵਿਚ ਲਿਆ ਕੇ ਆਪਣੇ ਰਿਸ਼ਤੇਦਾਰਾਂ ਕੋਲ ਵੀ ਜਾ ਆਉਂਦੇ ਹਨ | ਬਲਦੇਵ ਸਿੰਘ ਗੋਸਲ ਨੇ ਦੱਸਿਆ ਕਿ ਇੱਥੇ ਕਈ ਵਾਰ ਬਾਹਰੀ ਦੇਸ਼ਾਂ ਅਤੇ ਬਾਹਰੀ ਰਾਜਾਂ ਦੇ ਬਜ਼ੁਰਗ ਵੀ ਆ ਜਾਂਦੇ ਹਨ ਤੇ ਇਸ ਸਮੇਂ ਵੀ ਇੱਥੇ ਅਜਿਹੇ ਦੋ ਬਜ਼ੁਰਗ ਰਹਿ ਰਹੇ ਹਨ | ਇੱਥੇ ਰਹਿਣ ਵਾਲੇ ਕਿਸੇ ਵੀ ਬਜ਼ੁਰਗ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਂਦੀ ਹੈ |